ਕੈਲਗਰੀ- ਦੱਖਣੀ ਕੈਲਗਰੀ ’ਚ ਇੱਕ ਛੋਟੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਇੱਕ ਮਹਿਲਾ ਪਾਇਲਟ ਦੀ ਮੌਤ ਹੋ ਗਈ। ਆਰ. ਸੀ. ਐਮ. ਪੀ. ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਮਾਊਂਟੀਜ਼ ਨੇ ਦੱਸਿਆ ਕਿ ਸੋਮਵਾਰ ਸ਼ਾਮੀਂ ਕਰੀਬ 7:30 ਵਜੇ ਉਨ੍ਹਾਂ ਨੂੰ ਕੈਲਗਰੀ ਤੋਂ 130 ਕਿਲੋਮੀਟਰ ਦੱਖਣ ’ਚ, ਕਲੇਰਸ਼ੋਲਮ ਹਵਾਈ ਅੱਡੇ ਦੇ ਉੱਤਰ-ਪੂਰਬ ’ਚ ਇੱਕ ਖੇਤਰ ’ਚ ਇੱਕ ਜਹਾਜ਼ ਦੇ ਕਰੈਸ਼ ਹੋਣ ਬਾਰੇ ਜਾਣਕਾਰੀ ਮਿਲੀ ਸੀ।
ਆਰ. ਸੀ. ਐਮ. ਪੀ. ਨੇ ਮੰਗਲਵਾਰ ਨੂੰ ਦੱਸਿਆ ਕਿ ਪੁਲਿਸ, ਈ. ਐਮ. ਐਸ. ਅਤੇ ਫਾਇਰ ਫਾਈਟਰਜ਼ ਵਲੋਂ ਇਕੱਠੇ ਹੋ ਕੇ ਸਰਚ ਆਪਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ’ਚ 24 ਸਾਲਾ ਮਹਿਲਾ ਪਾਇਲਟ ਨੂੰ ਮੌਕੇ ’ਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ ਅਤੇ ਉਹ ਲੰਡਨ, ਓਨਟਾਰੀਓ ਦੀ ਰਹਿਣ ਵਾਲੀ ਸੀ।
ਆਰ. ਸੀ. ਐਮ. ਪੀ. ਦਾ ਕਹਿਣਾ ਹੈ ਕਿ ਇਸ ਹਾਦਸੇ ਦੀ ਜਾਂਚ ਹੁਣ ਕੈਨੇਡਾ ਦੇ ਟਰਾਂਸਪੋਰਟੇਸ਼ਨ (ਟੀ. ਐਸ. ਬੀ.) ਸੇਫਟੀ ਬੋਰਡ ਵਲੋਂ ਕੀਤੀ ਜਾ ਰਹੀ ਹੈ। ਆਪਣੀ ਵੈਬਸਾਈਟ ’ਤੇ, ਟੀਐਸਬੀ ਨੇ ਪੁਸ਼ਟੀ ਕੀਤੀ ਕਿ ਉਸਨੇ ਇੱਕ ਨਿੱਜੀ ਤੌਰ ’ਤੇ ਰਜਿਸਟਰਡ ਸੇਸਨਾ 152 ਜਹਾਜ਼ ਦੇ ਕਲੇਰਸ਼ੋਲਮ ਨੇੜੇ ਹਾਦਸੇ ਦੀ ਜਾਂਚ ਲਈ ਇੱਕ ਟੀਮ ਭੇਜੀ ਹੈ। ਸੰਸਥਾ ਨੇ ਆਪਣੀ ਵੈੱਬਸਾਈਟ ’ਤੇ ਦੱਸਿਆ ਕਿ ਟੀਐਸਬੀ ਜਾਣਕਾਰੀ ਇਕੱਠੀ ਕਰੇਗੀ ਅਤੇ ਘਟਨਾ ਦਾ ਮੁਲਾਂਕਣ ਕਰੇਗੀ।