Site icon TV Punjab | Punjabi News Channel

ਪੰਜਾਬ ‘ਚ ਔਰੇਂਜ ਅਲਰਟ, ਕਈ ਥਾਵਾਂ ‘ਤੇ ਪੈ ਸਕਦੀ ਹੈ ਬਰਸਾਤ

ਡੈਸਕ- ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿਚ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਇਸ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ ਅਤੇ ਤਾਪਮਾਨ ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 4 ਫਰਵਰੀ ਨੂੰ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਖੇਤਰਾਂ ਵਿਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਐਤਵਾਰ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿਚ ਭਾਰੀ ਤੋਂ ਦਰਮਿਆਨੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ ਕਈ ਹਿੱਸਿਆਂ ਵਿਚ ਤੇਜ਼ ਹਵਾਵਾਂ ਚੱਲਣਗੀਆਂ। ਬਿਜਲੀ ਗਰਜਨ ਦੇ ਨਾਲ-ਨਾਲ ਮੀਂਹ ਪਵੇਗਾ।

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਬੁਢਲਾਡਾ, ਲਹਿਰਾ, ਸੁਨਾਮ, ਸੰਗਰੂਰ, ਤਪਾ, ਮੁਨਕ, ਪਾਤੜਾਂ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਤੇਰਾਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬਠਿੰਡਾ, ਗਿੱਦੜਬਾਹਾ, ਰਾਮਪੁਰਾ ਫੂਲ, ਜੈਤੂ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਬੱਸੀ ਪਠਾਣਾ, ਖੰਨਾ, ਖਰੜ, ਖਮਾਣੋਂ, ਚਮਕੌਰ ਸਾਹਿਬ, ਸਮਰਾਲਾ, ਰੂਪ ਨਗਰ, ਬਲਾਚੌਰ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜ਼ੀਰਾ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਨਿਹਾਲ ਸਿੰਘਵਾਲਾ ਵਿਚ ਗਰਜ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇਸ ਮੌਸਮ ਵਿਭਾਗ ਦੀ ਚਿਤਾਵਨੀ ਮਗਰੋਂ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਦੋ ਦਿਨ ਪਹਿਲਾਂ ਤੇਜ਼ ਹਵਾਵਾਂ ਦੇ ਨਾਲ ਗੜੇ ਪੈਣ ਕਰਕੇ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਚਿਤਾਵਨੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।

Exit mobile version