Site icon TV Punjab | Punjabi News Channel

ਵਿਸ਼ਵ ਭੋਜਨ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਾਇਆ

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਜਗਰਾਓਂ ਤਹਿਸੀਲ ਦੇ ਪਿੰਡ ਗੱਗਰਾ ਵਿਖੇ ਵਿਸ਼ਵ ਭੋਜਨ ਦਿਵਸ ਦੇ ਸੰਬੰਧ ਵਿਚ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ ।

ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਹੋਏ ਇਸ ਸਮਾਗਮ ਵਿਚ ਵਿਭਾਗ ਦੇ ਅਮਲੇ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਸੰਤੁਲਿਤ ਭੋਜਨ ਦੀ ਲੋੜ ਅਤੇ ਮਹੱਤਤਾ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ।

ਇਸ ਦੌਰਾਨ ਸਕੂਲ ਜਾਣ ਵਾਲੇ ਬੱਚਿਆਂ ਦੇ ਰੋਜ਼ਾਨਾਂ ਭੋਜਨ ਦੀ ਪ੍ਰਦਰਸ਼ਨੀ ਵੀ ਲਾਈ ਗਈ । ਸਕੂਲ ਜਾਣ ਵਾਲੇ ਬੱਚਿਆਂ ਨੂੰ ਇਕ ਨੁਕੜ ਨਾਟਕ ਰਾਹੀਂ ਪੋਸ਼ਣ ਦੀ ਕਮੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ।

ਇਸ ਮੌਕੇ ‘ਤੰਦਰੁਸਤ ਭਲਕ ਲਈ ਸੁਰੱਖਿਅਤ ਭੋਜਨ’ ਵਿਸ਼ੇ ਤੇ ਇਕ ਵੈਬੀਨਾਰ ਕਰਵਾਇਆ ਗਿਆ ਜਿਸ ਵਿਚ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਸੁਧਾਰ ਨੇ ਸਹਿਯੋਗ ਕੀਤਾ । ਇਹ ਵੈਬੀਨਾਰ ਆਂਗਣਵਾੜੀ ਕਰਮਚਾਰੀਆਂ ਅਤੇ ਸੁਪਰਵਾਈਜ਼ਰਾਂ ਲਈ ਸੀ ।

ਵਿਭਾਗ ਦੇ ਮੁਖੀ ਡਾ. ਕਿਰਨ ਬੈਂਸ ਨੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਲੋਕਾਂ ਨੂੰ ਮਹਾਂਮਾਰੀ ਦੇ ਦੌਰ ਵਿਚ ਸੰਤੁਲਿਤ ਭੋਜਨ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ । ਪਿੰਡ ਵਾਸੀਆਂ ਨੇ ਇਸ ਸਮਾਗਮ ਤੋਂ ਕਾਫੀ ਲਾਭ ਲਿਆ ।

ਖੇਤੀ ਮਾਹਿਰਾਂ ਨੇ ਵਿਚਾਰ ਪੇਸ਼ ਕੀਤੇ

ਪੀ.ਏ.ਯੂ. ਦੇ ਹਫ਼ਤਾਵਰ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਵੱਖ-ਵੱਖ ਖੇਤੀ ਮਾਹਿਰਾਂ ਨੇ ਕਈ ਵਿਸ਼ਿਆਂ ‘ਤੇ ਵਿਚਾਰ ਪੇਸ਼ ਕੀਤੇ । ਉਹਨਾਂ ਵਿਚੋਂ ਫ਼ਸਲ ਵਿਗਿਆਨੀ ਡਾ. ਅਮਿਤ ਕੌਲ ਨੇ ਪਰਾਲੀ ਦੀ ਸੰਭਾਲ ਬਾਰੇ ਗੱਲ ਕੀਤੀ ।

ਉਹਨਾਂ ਦੱਸਿਆ ਕਿ ਝੋਨੇ ਦੀ ਕਟਾਈ ਸਮੇਂ ਕਿਸਾਨਾਂ ਨੂੰ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਇਸ ਮੌਕੇ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਫ਼ਸਲਾਂ ਵਿਚ ਕੀੜਿਆਂ ਦੀ ਰੋਕਥਾਮ ਬਾਰੇ ਗੱਲਬਾਤ ਕੀਤੀ।

ਇਸ ਤੋਂ ਇਲਾਵਾ ਇਕ ਡਾਕੂਮੈਂਟਰੀ ਵੀ ਦਿਖਾਈ ਗਈ। ਕਿਸਾਨਾਂ ਨਾਲ ਚਾਲੂ ਸਮੇਂ ਦੇ ਰੁਝੇਵਿਆਂ ਬਾਰੇ ਗੁਰਪ੍ਰੀਤ ਸਿੰਘ ਵਿਰਕ ਅਤੇ ਡਾ. ਇੰਦਰਪ੍ਰੀਤ ਕੌਰ ਬੋਪਾਰਾਏ ਨੇ ਗੱਲਬਾਤ ਕੀਤੀ।

ਟੀਵੀ ਪੰਜਾਬ ਬਿਊਰੋ

Exit mobile version