TV Punjab | Punjabi News Channel

ਬਸੇਰਾ ਸਕੀਮ ਅਧੀਨ ਝੁੱਗੀ ਝੌਂਪੜੀਆਂ ’ਚ ਜੀਵਨ ਬਸਰ ਕਰ ਰਹੇ 269 ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦਿੱਤੇ

FacebookTwitterWhatsAppCopy Link

ਚਮਕੌਰ ਸਾਹਿਬ : ਦਿਵਾਲੀ ਦੇ ਸ਼ੁੱਭ ਮੌਕੇ `ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਮਕੌਰ ਸਾਹਿਬ ਵਿਖੇ ‘ਬਸੇਰਾ ਸਕੀਮ’ ਅਧੀਨ ਝੁੱਗੀ ਝੌਂਪੜੀਆਂ ਵਿਚ ਜੀਵਨ ਬਸਰ ਕਰ ਰਹੇ 269 ਲਾਭਪਾਤਰੀਆਂ ਨੂੰ ਆਰਜ਼ੀ ਰਿਹਾਇਸ਼ ਦੇ ਪੱਕੇ ਮਾਲਕਾਨਾ ਹੱਕ ਦਿੱਤੇ ਗਏ।

ਮੁੱਖ ਮੰਤਰੀ ਚੰਨੀ ਨੇ ਖੁਦ ਇੰਦਰਾ ਕਲੋਨੀ ਦੇ ਕੁੱਝ ਗਰੀਬ ਲੋਕਾਂ ਦੇ ਘਰਾਂ ਵਿਚ ਜਾ ਕੇ ਦੀਵੇ ਜਗਾਏ ਅਤੇ ਉਨ੍ਹਾਂ ਨੂੰ ਘਰਾਂ ਦੇ ਮਾਲਕਾਨਾਂ ਹੱਕਾਂ ਦੀਆਂ ਸੰਨਦਾ ਸੌਂਪੀਆਂ।ਇਸ ਉਪਰੰਤ ਬਾਕੀ ਲੋਕਾਂ ਨੂੰ ਸਿਟੀ ਸੈਂਟਰ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਇੰਦਰਾ ਕਲੋਨੀ ਦੇ ਵਾਸੀਆਂ ਨੂੰ ਘਰਾਂ ਦੇ ਮਾਲਕਾਨਾਂ ਹੱਕਾਂ ਦੀਆਂ ਸੰਨਦਾ ਦਿੱਤੀਆਂ।

ਇਥੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਰਾਜ ਸਰਕਾਰ ਦੀ ਜ਼ਮੀਨ `ਤੇ ਝੁੱਗੀ ਝੌਂਪੜੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਬਸੇਰਾ ਸਕੀਮਾ ਨਾਲ ਲੋੜਵੰਦ ਲੋਕਾਂ ਦਾ ਆਪਣਾ ਘਰ ਹੋਣ ਦਾ ਸੁਪਨਾ ਪੂਰਾ ਹੋ ਰਿਹਾ ਹੈ।

ਉਨ੍ਹਾਂ ਨਾਲ ਹੀ ਕਿਹਾ ਕਿ ਸੂਬੇ ਵਿਚ ਬਸੇਰਾ ਸਕੀਮ ਤਹਿਤ ਸਾਰੇ ਯੋਗ ਲਾਭਪਾਤਰਾਂ ਨੂੰ ਜਲਦ ਕਵਰ ਕੀਤਾ ਜਾਵੇਗਾ ਜਿਸ ਲਈ ਇਸ ਸਬੰਧੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਵੀ ਘਰਾਂ ਦੇ ਮਾਲਕਾਨਾ ਹੱਕ ਦੇਣ ਲਈ ਡਰੋਨ ਮੈਪਇੰਗ ਚੱਲ ਰਹੀ ਹੈ ਅਤੇ ਜਲਦ ਉਨਾਂ ਨੂੰ ਵੀ ਘਰਾਂ ਦੀ ਮਲਕੀਅਤ ਦੇ ਹੱਕ ਦਿੱਤੇ ਜਾਣਗੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਮੱਧ ਵਰਗੀ ਲੋਕਾਂ ਆਰਥਿਕ ਤੌਰ ‘ਤੇ ਵੱਡੀ ਸੱਟ ਵੱਜੀ ਹੈ ਅਤੇ ਕੇਂਦਰ ਸਰਕਾਰ ਵਲੋਂ ਲਗਾਤਾਰ ਪਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾਇਆਂ ਜਾ ਰਹੀਆਂ ਹਨ ਜਿਸ ਨੇ ਪੂਰੇ ਦੇਸ਼ ਵਿਚ ਮਹਿੰਗਾਈ ਨੇ ਰਿਕਾਰਡ ਤੋੜ ਦਿੱਤੇ ਹਨ।

ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਪੰਜਾਬ ਦੇ ਲੋਕਾਂ ਲਈ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਗਿਆ ਹੈ। ਇਸ ਕਟੌਤੀ ਨਾਲ ਆਮ ਜਨਤਾ ਨੂੰ ਲੋੜੀਂਦੀ ਰਾਹਤ ਮਿਲੇਗੀ।

ਇਸ ਨਾਲ ਸੂਬੇ ਦੇ ਕੁੱਲ 71.75 ਲੱਖ ਘਰੇਲੂ ਖਪਤਕਾਰਾਂ ਵਿੱਚੋਂ 69 ਲੱਖ ਖਪਤਕਾਰਾਂ ਨੂੰ ਲਾਭ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਦੀਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ ਐਲ.ਈ.ਡੀ ਲਾਈਟਾਂ ਲਾਉਣ ਲਈ 2.50 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਤਾਂ ਜੋ ਇਸ ਤਿਹਿਾਸਕ ਸ਼ਹਿਰ ਦੀ ਦਿੱਖ ਨੂੰ ਪੂਰੀ ਤਰਾਂ ਨਾਲ ਬਦਲਿਆ ਜਾ ਸਕੇ।

ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਇਲਾਕੇ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਸਤਲੁੱਜ ਦਰਿਆ ’ਤੇ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ 6 ਨਵੰਬਰ ਨੂੰ ਰੱਖਿਆ ਜਾਵੇਗਾ।

ਜਿਸ ਲਈ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੀ ਜ਼ਮੀਨ ਇਸ ਪੁਲ ਦੀ ਉਸਾਰੀ ਲਈ ਐਕਵਾਇਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਪੰਜਾਬ ਦੀ ਤਰੱਕੀ ਅਤੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ।

ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਅਜੋਏ ਕੁਮਾਰ ਸਿਨਹਾ ਪ੍ਰਮੁੱਖ ਸਕਤਰ ਸਥਾਨਕ ਸਰਕਾਰਾਂ, ਸ੍ਰੀ ਪੁਨੀਤ ਗੋਇਲ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ, ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ, ਵੀ.ਕੇ ਸੋਨੀ ਐਸ ਐਸ ਪੀ ਰੂਪਨਗਰ ਅਤੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ ਵੀ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

Exit mobile version