Site icon TV Punjab | Punjabi News Channel

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਖੋਜਾਰਥੀ ਨੂੰ ਮਿਲੀ ਇੰਸਪਾਇਰ ਫੈਲੋਸ਼ਿਪ

ਲੁਧਿਆਣਾ : ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਮਸਰਤ ਸਿਰਾਜ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੀ ਮਾਨਮੱਤੀ ਇੰਸਪਾਇਰ ਫੈਲੋਸ਼ਿਪ ਪ੍ਰਾਪਤ ਹੋਈ ਹੈ। ਕੁਮਾਰੀ ਸਿਰਾਜ ਲੀਚੀ ਦੀ ਸੁੰਡੀ ਦੀ ਜੈਵਿਕ ਰੋਕਥਾਮ ਸੰਬੰਧੀ ਆਪਣਾ ਖੋਜ ਕਾਰਜ ਫਲ ਖੋਜ ਕੇਂਦਰ, ਗੰਗੀਆਂ ਜ਼ਿਲਾ ਹੁਸ਼ਿਆਰਪੁਰ ਵਿਖੇ ਫਲਾਂ ਦੇ ਕੀਟ ਵਿਗਿਆਨੀ ਡਾ. ਸੰਦੀਪ ਸਿੰਘ ਦੀ ਨਿਗਰਾਨੀ ਹੇਠ ਕਰ ਰਹੀ ਹੈ। ਇਸ ਫੈਲੋਸ਼ਿਪ ਵਿਚ 31,000 ਰੁਪਏ ਦੀ ਰਾਸ਼ੀ ਤੋਂ ਇਲਾਵਾ ਹਰ ਮਹੀਨੇ ਰਿਹਾਇਸ਼ ਲਈ 4000 ਰੁਪਏ ਭੱਤਾ ਅਤੇ ਫੁਟਕਲ ਖਰਚਿਆਂ ਲਈ ਸਲਾਨਾ 20,000 ਰੁਪਏ ਮਿਲਣਗੇ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਅਨਿਰੁਧ ਤਿਵਾੜੀ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ, ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਪੀ ਐੱਸ ਪੰਨੂ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

ਟੀਵੀ ਪੰਜਾਬ ਬਿਊਰੋ

Exit mobile version