Site icon TV Punjab | Punjabi News Channel

ਪਰਗਟ ਸਿੰਘ ਨੇ ਪਰਿਵਾਰ ਸਮੇਤ ਯੂਨੀਕ ਹੋਮ ਦੇ ਬੱਚਿਆਂ ਨਾਲ ਮਨਾਈ ਦੀਵਾਲੀ

ਜਲੰਧਰ : ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਦੀਵਾਲੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਮਨਾਉਂਦਿਆਂ ਜਲੰਧਰ ਸਥਿਤ ਭਾਈ ਘਨੱਈਆ ਯੂਨੀਕ ਹੋਮ ਦੇ ਬੱਚਿਆਂ ਨਾਲ ਸਮਾਂ ਗੁਜ਼ਾਰਿਆ।

ਇਹ ਯੂਨੀਕ ਹੋਮ ਭਾਈ ਘਨੱਈਆ ਜੀ ਚੈਰੀਟੇਬਲ ਸੰਸਥਾ ਵੱਲੋਂ ਅਨਾਥ ਤੇ ਬੇਸਹਾਰਾ ਬੱਚੀਆਂ ਲਈ ਚਲਾਇਆ ਜਾ ਰਿਹਾ ਹੈ। ਪਰਗਟ ਸਿੰਘ ਤੇ ਉਨ੍ਹਾਂ ਦੀ ਪਤਨੀ ਬਰਿੰਦਰਪ੍ਰੀਤ ਕੌਰ ਨੂੰ ਆਪਣੇ ਸੰਗ ਦੇਖ ਕੇ ਯੂਨਿਕ ਹੋਮ ਦੇ ਬੱਚਿਆਂ ਦੇ ਚਿਹਰੇ ਖਿੜ ਗਏ।

ਹਾਕੀ ਦੇ ਮੈਦਾਨ ਵਿਚ ਮੈਚ ਜਿੱਤਣ ਵਾਲੇ ਸਾਬਕਾ ਓਲੰਪੀਅਨ ਦੀ ਫੇਰੀ ਨੇ ਇਸ ਹੋਮ ਵਿਚ ਰਹਿੰਦੇ ਬੇਸਹਾਰਾ ਬੱਚਿਆਂ ਦੇ ਦਿਲ ਵੀ ਜਿੱਤ ਲਏ। ਪਰਗਟ ਸਿੰਘ ਇਨ੍ਹਾਂ ਬੱਚਿਆਂ ਲਈ ਤੋਹਫ਼ੇ, ਫਲ, ਮਠਿਆਈਆਂ ਤੇ ਗੁਲਦਸਤੇ ਲੈ ਕੇ ਗਏ।

ਪੰਘੂੜੇ ਵਿਚ ਕਿਲਕਾਰੀਆਂ ਮਾਰ ਰਹੇ ਬੱਚਿਆਂ ਨੂੰ ਪਰਗਟ ਸਿੰਘ ਜੋੜੀ ਨੇ ਆਸ਼ੀਰਵਾਦ ਦਿੱਤਾ। ਇਕ ਛੋਟੀ ਬੱਚੀ ਜਿਸ ਨੂੰ ਜ਼ਹਿਰ ਦੇ ਕੇ ਸੁੱਟ ਦਿੱਤਾ ਗਿਆ ਸੀ, ਨੂੰ ਵੀ ਮਿਲੇ ਪਰ ਉਹ ਬੱਚੀ ਅੱਜ ਸੁੱਖੀ ਸਾਂਦੀ ਇੱਥੇ ਜ਼ਿੰਦਗੀ ਬਸਰ ਕਰ ਰਹੀ ਹੈ।

ਪਰਗਟ ਸਿੰਘ ਨੇ ਇੱਥੇ ਵਿਜ਼ਟਰ ਬੁੱਕ ਵਿਚ ਸੰਦੇਸ਼ ਵੀ ਲਿਖਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਇਹ ਸੰਸਥਾ ਬਾਬਾ ਨਾਨਕ ਜੀ ਵੱਲੋਂ ਦਰਸਾਏ ਮਾਰਗ ਉਤੇ ਸਹੀ ਭਾਵਨਾ ਨਾਲ ਚਲਾਈ ਜਾ ਰਹੀ ਹੈ ਜਿਸ ਲਈ ਇੱਥੋਂ ਦੇ ਮੁੱਖ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਵੱਲੋਂ ਨਿਭਾਈ ਸੇਵਾ ਨੂੰ ਸਿਜਦਾ ਕੀਤਾ।

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਸਾਰਾ ਦੇਸ਼ ਆਪਣੇ ਪਰਿਵਾਰਾਂ ਨਾਲ ਮਨਾਉਂਦਾ ਹੈ ਅਤੇ ਇਹ ਬੱਚੇ ਉਨ੍ਹਾਂ ਦਾ ਹੀ ਪਰਿਵਾਰ ਹੈ ਜਿਸ ਲਈ ਇਨ੍ਹਾਂ ਸੰਗ ਸਮਾਂ ਬਿਤਾਉਣਾ ਸਭ ਤੋਂ ਖੁਸ਼ਨੁਮਾ ਅਹਿਸਾਸ ਸੀ।

ਟੀਵੀ ਪੰਜਾਬ ਬਿਊਰੋ

Exit mobile version