Site icon TV Punjab | Punjabi News Channel

PAU ਨੇ ਪਸਾਰ ਸੰਪਰਕਾਂ ਦੀ ਮਜ਼ਬੂਤੀ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਪਸਾਰ ਸੰਪਰਕਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਧਿਰਾਂ ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਵਿਚ ਖੇਤੀ ਵਿਕਾਸ ਅਧਿਕਾਰੀਆਂ, ਖੇਤੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ, ਪੀ.ਏ.ਯੂ. ਦੇ ਵਿਗਿਆਨੀਆਂ ਸਮੇਤ 50 ਦੇ ਕਰੀਬ ਮਾਹਿਰ ਸ਼ਾਮਿਲ ਹੋਏ । ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਪਸਾਰ ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ।

ਉਹਨਾਂ ਕਿਹਾ ਕਿ ਪਸਾਰ ਦਾ ਕੰਮ ਅਜਿਹਾ ਹੈ ਜਿਸ ਨੂੰ ਇਕ ਕੜੀ ਬਨਾਉਣ ਲਈ ਪਸਾਰ ਕਰਮੀ ਨੂੰ ਮਿਹਨਤ ਅਤੇ ਆਨੰਦ ਮਹਿਸੂਸ ਕਰਨ ਦੀ ਲੋੜ ਹੈ । ਉਹਨਾਂ ਨੇ ਪਸਾਰ ਦੇ ਖੇਤਰ ਵਿਚ ਨਵੀਆਂ ਵਿਧੀਆਂ ਅਤੇ ਤਕਨਾਲੋਜੀਆਂ ਦੀ ਗੱਲ ਕਰਦਿਆਂ ਇਹਨਾਂ ਨੂੰ ਅਪਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ । ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੇ ਖੇਤੀ ਸਾਹਿਤ ਵੱਲੋਂ ਪਸਾਰ ਸੇਵਾਵਾਂ ਲਈ ਨਿਭਾਈ ਜਾਂਦੀ ਭੂਮਿਕਾ ਦੀ ਗੱਲ ਕੀਤੀ ।

ਉਹਨਾਂ ਕਿਹਾ ਕਿ ਹਰ ਕਿਸਾਨ ਦੇ ਘਰ ਤੱਕ ਖੇਤੀ ਸਾਹਿਤ ਪਹੁੰਚਾਉਣਾ ਯੂਨੀਵਰਸਿਟੀ ਦਾ ਅਹਿਦ ਹੈ ਸਵਾਗਤੀ ਸ਼ਬਦ ਬੋਲਦਿਆਂ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਖੇਤੀ ਪਸਾਰ ਲਈ ਵੱਖ-ਵੱਖ ਧਿਰਾਂ ਵਿਚ ਸੰਪਰਕ ਸਥਾਪਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ । ਲੁਧਿਆਣਾ ਦੇ ਖੇਤੀ ਅਧਿਕਾਰੀ ਡਾ. ਰਾਜਿੰਦਰ ਸਿੰਘ ਔਲਖ ਨੇ ਇਸ ਸਮਾਗਮ ਨੂੰ ਰਾਜ ਦੇ ਖੇਤੀ ਕਰਮੀਆਂ ਲਈ ਬੇਹੱਦ ਗਿਆਨ ਵਰਧਕ ਕਿਹਾ ।

ਵਿਸ਼ੇ ਨਾਲ ਸੰਬੰਧਤ ਪੱਖ ਵਿਚ ਬੋਲਦਿਆਂ ਬਹੁਤ ਸਾਰੇ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ । ਕੋਵਿਡ ਦੀ ਮਹਾਂਮਾਰੀ ਦੌਰਾਨ ਕਿਸਾਨੀ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਵਿਗਿਆਨੀਆਂ ਅਤੇ ਪਸਾਰ ਕਰਮੀਆਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਟੀਵੀ ਪੰਜਾਬ ਬਿਊਰੋ

Exit mobile version