Site icon TV Punjab | Punjabi News Channel

PAU ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਬੂਟੇ ਲਾਏ

ਲੁਧਿਆਣਾ : ਪੀ.ਏ.ਯੂ. ਵਿਚ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਇੱਕ ਸੰਖੇਪ ਸਮਾਗਮ ਵਿਚ ਬੂਟੇ ਲਾਏ ਗਏ । ਗੇਟ ਨੰ. 1 ਦੇ ਨੇੜੇ 400 ਬੂਟਿਆਂ ਦੇ ‘ਸੂਖਮ ਜੰਗਲ’ ਤਹਿਤ ਬੂਟੇ ਲਾਉਣ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤਾ । ਇਸ ਮੌਕੇ ਡਾ. ਢਿੱਲੋਂ ਨੇ ਕਿਹਾ ਕਿ ਮਹਾਨ ਪੁਰਖਾਂ ਨੂੰ ਯਾਦ ਕਰਨ ਦਾ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਉਹਨਾਂ ਦੀ ਯਾਦ ਵਿਚ ਬੂਟੇ ਲਾਏ ਜਾਣ ।

ਡਾ. ਢਿੱਲੋਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਵੱਧ ਤੋਂ ਵੱਧ ਰੁੱਖ ਲਾ ਕੇ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਦੇਣ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਦੇ ਦੇਸੀ ਰੁੱਖਾਂ ਨੂੰ ਲਾਉਣ ਲਈ ਪਹਿਲ ਦੇਣੀ ਚਾਹੀਦੀ ਹੈ ।

ਇਹ ਸਮਾਗਮ ਪੰਜਾਬ ਰਾਜ ਜੰਗਲਾਤ ਅਤੇ ਜੰਗਲੀ ਜੀਵਨ ਸੰਭਾਲ ਵਿਭਾਗ ਦੀ ਲੁਧਿਆਣਾ ਇਕਾਈ ਦੇ ਸਹਿਯੋਗ ਨਾਲ ਹੋਇਆ । ਇਸ ਵਿਚ 54 ਦੇਸੀ ਕਿਸਮਾਂ ਦੇ 400 ਬੂਟੇ ਲਾਏ ਗਏ ਜਿਨਾਂ ਵਿੱਚ ਟਾਹਲੀ, ਕਿੱਕਰ, ਨਿੰਮ, ਡੇਕ, ਖਰੜ, ਬਹੇੜਾ, ਅਰਜੁਨ, ਸੁਹਾਂਜਣਾ, ਸਿੰਮਲ, ਇਮਲੀ, ਲਸੂੜਾ, ਢੇਹੂ, ਸਰੀਂਹ, ਬਿੱਲ, ਢੱਕ, ਤੂਤ ਆਦਿ ਪ੍ਰਮੁੱਖ ਹਨ । ਯੂਨੀਵਰਸਿਟੀ ਦੇ ਗੇਟ ਨੰ. 1 ਨੇੜੇ ਦੇਸੀ ਪ੍ਰਜਾਤੀਆਂ ਦੇ ਇਹਨਾਂ ਰੁੱਖਾਂ ਦਾ ਲੱਗਣਾ ਆਕਸੀਜਨ ਪਾਰਕ ਵਾਂਗ ਵਿਕਸਿਤ ਹੋਵੇਗਾ ।

ਲੁਧਿਆਣਾ ਡਵੀਜ਼ਨ ਦੇ ਜੰਗਲਾਤ ਅਧਿਕਾਰੀ ਸ੍ਰੀ ਹਰਭਜਨ ਸਿੰਘ ਨੇ ਇਹਨਾਂ ਬੂਟਿਆਂ ਨੂੰ ਲਾਉਣ ਲਈ ਉਪਲੱਬਧ ਕਰਵਾਇਆ । ਇਸ ਮੌਕੇ ਪੀ.ਏ.ਯੂ. ਦੇ ਤਮਾਮ ਉੱਚ ਅਧਿਕਾਰੀ ਵੀ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

Exit mobile version