Site icon TV Punjab | Punjabi News Channel

PAU ਕਾਲਜ ਦੇ ਵਿਦਿਆਰਥੀ ਨੇ ਜਿੱਤਿਆ ਕਾਂਸੀ ਦਾ ਤਗਮਾ

ਲੁਧਿਆਣਾ : ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀ ਮਹਾਂਵੀਰ ਸਿੰਘ ਨੇ ਬੀਤੇ ਦਿਨੀਂ ਪਹਿਲੀ ਹਾਕੀ ਇੰਡੀਆ ਜੂਨੀਅਰ ਮੈਨ ਅਕੈਡਮੀ ਰਾਸ਼ਟਰੀ ਚੈਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ ।

ਇਹ ਚੈਪੀਅਨਸ਼ਿਪ ਬੀਤੇ ਦਿਨੀਂ ਭੋਪਾਲ (ਮੱਧ ਪ੍ਰਦੇਸ਼) ਵਿਚ ਆਯੋਜਿਤ ਕੀਤੀ ਗਈ ਸੀ । ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਇਸ ਨੂੰ ਯੂਨੀਵਰਸਿਟੀ ਲਈ ਮਾਣ ਦੇ ਪਲ ਕਿਹਾ ।

ਸਬਜ਼ੀਆਂ ਦੀ ਸੁਰੱਖਿਅਤ ਖੇਤੀ ਬਾਰੇ ਵੈਬੀਨਾਰ 

ਸਬਜ਼ੀ ਵਿਗਿਆਨ ਵਿਭਾਗ ਵੱਲੋਂ ਸਬਜ਼ੀਆਂ ਦੀ ਪਨੀਰੀ ਦਾ ਸੁਰੱਖਿਅਤ ਖੇਤੀ ਅਧੀਨ ਸਬਜ਼ੀਆਂ ਦੀ ਕਾਸ਼ਤ ਬਾਰੇ ਇਕ ਵੈਬੀਨਾਰ ਕਰਵਾਇਆ ਗਿਆ । ਇਸ ਵਿਚ 42 ਕਿਸਾਨਾਂ ਅਤੇ ਮਾਹਿਰਾਂ ਨੇ ਸ਼ਿਰਕਤ ਕੀਤੀ ।

ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਕਿਹਾ ਕਿ ਸੁਰੱਖਿਅਤ ਖੇਤੀ ਵਿਸ਼ੇਸ਼ ਤੌਰ ਤੇ ਪੌਲੀ ਅਤੇ ਨੈੱਟ ਹਾਊਸ ਰਾਹੀਂ ਕਾਸ਼ਤ ਦੁਆਰਾ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਦੇ ਮੌਕਿਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ।

ਉਹਨਾਂ ਨੇ ਅਜੋਕੇ ਸਮੇਂ ਵਿਚ ਸਬਜ਼ੀਆਂ ਦੀ ਕਾਸ਼ਤ ਨੂੰ ਵਿਟਾਮਿਨ, ਕਾਰਬੋਹਾਈਡ੍ਰੇਟਸ ਅਤੇ ਖਣਿਜਾਂ ਜਿਹੇ ਤੱਤਾਂ ਰਾਹੀਂ ਪੌਸ਼ਕਤਾ ਵਿਚ ਵਾਧੇ ਨਾਲ ਜੋੜਨ ਉੱਪਰ ਜ਼ੋਰ ਦਿੱਤਾ । ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਡਾ. ਕੁਲਬੀਰ ਸਿੰਘ ਨੇ ਪਨੀਰੀ ਦੀ ਬਿਜਾਈ ਦੇ ਵੱਖ-ਵੱਖ ਪਹਿਲੂਆਂ ਉੱਪਰ ਚਾਨਣਾ ਪਾਇਆ ।

ਉਹਨਾਂ ਨੇ ਕਿਸਾਨਾਂ ਨੂੰ ਵਪਾਰਕ ਪੱਧਰ ਤੇ ਨਰਸਰੀ ਉਤਪਾਦਨ ਲਈ ਵੀ ਪ੍ਰੇਰਿਤ ਕੀਤਾ । ਸਬਜ਼ੀਆਂ ਦੇ ਪਸਾਰ ਮਾਹਿਰ ਡਾ. ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਨੀਵੀਂ ਸੁਰੰਗ ਵਿਧੀ ਰਾਹੀਂ ਸਬਜ਼ੀਆਂ ਦਾ ਉਤਪਾਦਨ ਮੁਨਾਫ਼ੇ ਵਾਲਾ ਤਰੀਕਾ ਹੈ ।

ਉਹਨਾਂ ਨੇ ਸਬਜ਼ੀਆਂ ਦੀ ਅਗੇਤੀ ਕਾਸ਼ਤ ਲਈ ਨੀਵੀਂ ਸੁਰੰਗ ਵਿਧੀ ਦੇ ਆਰਥਿਕ ਪੱਖ ਵੱਲ ਧਿਆਨ ਦਿਵਾਉਂਦਿਆਂ ਵਿਸਥਾਰ ਨਾਲ ਗੱਲ ਕੀਤੀ । ਡਾ. ਨਿਲੇਸ਼ ਬਿਵਾਲਕਰ ਨੇ ਪੌਲੀ ਅਤੇ ਨੈੱਟ ਹਾਊਸ ਦੀ ਉਸਾਰੀ ਦੇ ਡਿਜ਼ਾਇਨ ਅਤੇ ਢਾਂਚੇ ਨੂੰ ਵਿਸਥਾਰ ਨਾਲ ਸਮਝਾਇਆ ।

ਡਾ. ਸਲੇਸ਼ ਜਿੰਦਲ ਨੇ ਸਬਜ਼ੀਆਂ ਦੀ ਬਿਜਾਈ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਖੇਤ ਦੀ ਤਿਆਰੀ, ਬਿਜਾਈ ਦਾ ਸਮਾਂ, ਬੀਜ ਦੀ ਸੋਧ, ਸਿੰਚਾਈ, ਨਦੀਨਾਂ ਦੀ ਰੋਕਥਾਮ ਜਿਹੇ ਨੁਕਤੇ ਦੱਸੇ । ਉਹਨਾਂ ਨੇ ਖੀਰੇ ਅਤੇ ਟਮਾਟਰ ਦੀ ਸਫਲਤਾ ਪੂਰਵਕ ਕਾਸ਼ਤ ਦੇ ਨੁਕਤੇ ਵੀ ਸਾਂਝੇ ਕੀਤੇ ।

ਭੂਮੀ ਅਤੇ ਪਾਣੀ ਇੰਜਨੀਅਰਿੰਗ ਦੇ ਮਾਹਿਰ ਡਾ. ਰਾਕੇਸ਼ ਸ਼ਾਰਦਾ ਨੇ ਭੂਮੀ ਰਹਿਤ ਸਬਜ਼ੀ ਕਾਸ਼ਤ ਬਾਰੇ ਵਿਸਥਾਰ ਨਾਲ ਸਾਰੇ ਪੱਖ ਸਾਂਝੇ ਕੀਤੇ । ਉਹਨਾਂ ਨੇ ਬਿਜਾਈ ਦੇ ਤਰੀਕੇ ਅਤੇ ਖਾਦ ਸਿੰਚਾਈ ਵਿਧੀ ਵੀ ਸਾਂਝੀ ਕੀਤੀ ।

ਡਾ. ਹਰਪਾਲ ਸਿੰਘ ਭੁੱਲਰ ਨੇ ਸੁਰੱਖਿਅਤ ਖੇਤੀ ਅਧੀਨ ਵੱਖ-ਵੱਖ ਕੀੜਿਆਂ ਦੀ ਰੋਕਥਾਮ ਦੀ ਗੱਲਬਾਤ ਕੀਤੀ ਜਦਕਿ ਡਾ. ਰੁਪੀਤ ਗਿੱਲ ਨੇ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ ।

ਅੰਤ ਵਿਚ ਡਾ. ਦਿਲਪ੍ਰੀਤ ਤਲਵਾੜ ਨੇ ਅਗਾਂਹਵਧੂ ਕਿਸਾਨ ਸ. ਗੁਰਬੀਰ ਸਿੰਘ ਦੀ ਸਫ਼ਲਤਾ ਦੀ ਕਹਾਣੀ ਰਾਹੀਂ ਹੋਰ ਸਬਜ਼ੀ ਉਤਪਾਦਕਾਂ ਨੂੰ ਪ੍ਰੇਰਿਤ ਕਰਦਿਆਂ ਸਭ ਦਾ ਧੰਨਵਾਦ ਕੀਤਾ ।

ਟੀਵੀ ਪੰਜਾਬ ਬਿਊਰੋ

Exit mobile version