ਲੁਧਿਆਣਾ : ਪੀ.ਏ.ਯੂ. ਨੇ ਅੱਜ ਲੁਧਿਆਣਾ ਸਥਿਤ ਇੱਕ ਫਰਮ ਸਿੰਗਿਗ ਇਨ ਕਿਚਨ ਨਾਲ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨਾਲੋਜੀ ਦੇ ਵਪਾਰੀਕਰਨ ਦਾ ਸਮਝੌਤਾ ਕੀਤਾ । ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਸ੍ਰੀਮਤੀ ਮਨਜੀਤ ਕੌਰ ਨੇ ਦਸਤਖਤ ਕੀਤੇ ।
ਜ਼ਿਕਰਯੋਗ ਹੈ ਕਿ ਇਹ ਤਕਨਾਲੋਜੀ ਭੋਜਨ ਅਤੇ ਪੋਸ਼ਣ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਸੋਨਿਕਾ ਸ਼ਰਮਾ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਸਾਂਝੇ ਰੂਪ ਵਿਚ ਵਿਕਸਿਤ ਕੀਤੀ ਹੈ। ਡਾ. ਸ਼ੰਮੀ ਕਪੂਰ ਨੇ ਇਸ ਮੌਕੇ ਕਿਹਾ ਕਿ ਇਹ ਤਕਨਾਲੋਜੀ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਨੂੰ ਭੋਜਨ ਪਦਾਰਥਾਂ ਦੀ ਇਕ ਸਮੱਗਰੀ ਦੇ ਤੌਰ ‘ਤੇ ਵਰਤਣ ਵਜੋਂ ਵਿਕਸਿਤ ਕੀਤੀ ਗਈ ਹੈ ਤਾਂ ਜੋ ਵਿਟਾਮਿਨ ਡੀ ਦੀ ਘਾਟ ਬਾਰੇ ਲੋਕਾਂ ਲਈ ਲਾਹੇਵੰਦ ਸਿੱਧ ਹੋ ਸਕੇ।
ਉਹਨਾਂ ਕਿਹਾ ਕਿ ਤੰਦਰੁਸਤੀ ਦੀ ਇਕ ਸਮੱਗਰੀ ਦੇ ਤੌਰ ਤੇ ਇਸ ਤਕਨਾਲੋਜੀ ਦੇ ਲੰਮੇ ਸਮੇਂ ਦੇ ਅਸਰ ਹਨ। ਡਾ. ਸੋਨਿਕਾ ਸ਼ਰਮਾ ਨੇ ਦੱਸਿਆ ਕਿ ਬਟਨ ਅਤੇ ਓਸਟਰ ਕਿਸਮ ਦੀਆਂ ਖੁੰਬਾਂ ਤੋਂ ਬਿਨਾਂ ਪਾਊਡਰ ਸ਼ਾਕਾਹਾਰੀ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੈ। ਉਹਨਾਂ ਕਿਹਾ ਕਿ ਧੁੱਪ ਵਿੱਚ ਸੁਕਾਈਆਂ ਖੁੰਬਾਂ ਨਾਲ ਵਿਟਾਮਿਨ ਡੀ ਦੀ ਮਿਕਦਾਰ ਹੋ ਵਧਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਬਟਨ ਅਤੇ ਓਸਟਰ ਖੁੰਬਾਂ ਨੂੰ ਯੂ ਵੀ ਟਰੀਟਮੈਂਟ ਨਾਲ ਸੋਧ ਕੇ ਪ੍ਰੋਟੀਨ, ਫਾਈਬਰ ਆਦਿ ਤੱਤਾਂ ਦੀ ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਅੱਜ ਬਾਜ਼ਾਰ ਵਿਚ ਵਿਟਾਮਿਨ ਡੀ ਲਈ ਕਈ ਤਰਾਂ ਦੀਆਂ ਦਵਾਈਆਂ ਮਿਲਦੀਆਂ ਹਨ ਪਰ ਇਹ ਵਿਟਾਮਿਨ ਡੀ ਹਾਸਲ ਕਰਨ ਦਾ ਕੁਦਰਤੀ ਤਰੀਕਾ ਹੈ। ਕਮਿਊਨਟੀ ਸਾਇੰਸਜ਼ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਸਮਝੌਤੇ ਦਾ ਹਿੱਸਾ ਬਣਨ ਵਾਲੀ ਧਿਰ ਨੂੰ ਇਸ ਮੌਕੇ ਵਧਾਈ ਦਿੱਤੀ। ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਅਮਰਜੀਤ ਕੌਰ ਅਤੇ ਪੌਦਾ ਕਿਸਮ ਸੁਧਾਰਕ ਡਾ. ਊਸ਼ਾ ਨਾਰਾ ਵੀ ਇਸ ਮੌਕੇ ਮੌਜੂਦ ਸਨ।
ਟੀਵੀ ਪੰਜਾਬ ਬਿਊਰੋ