Site icon TV Punjab | Punjabi News Channel

ਫਿਲੀਪੀਨਜ਼ ਹਵਾਈ ਹਾਦਸਾ: ਹਾਦਸਾਗ੍ਰਸਤ ਥਾਂ ਤੋਂ ਮਿਲੀਆਂ 5 ਹੋਰ ਲਾਸ਼ਾਂ, 50 ਤੱਕ ਪੁੱਜੀ ਮ੍ਰਿਤਕਾਂ ਦੀ ਗਿਣਤੀ

ਫਿਲੀਪੀਨਜ਼-ਫਿਲੀਪੀਨਜ਼ ਵਿਚ ਸੈਨਾ ਦੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਬਾਅਦ 5 ਹੋਰ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਲਾਸ਼ਾਂ ਦੇ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 50 ਹੋ ਗਈ ਹੈ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਦੇਸ਼ ਦੇ ਹਵਾਈ ਸੈਨਾ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਹਾਦਸਾ ਹੈ। ਉਹਨਾਂ ਨੇ ਦੱਸਿਆ ਕਿ ਲੌਕਹੀਡ ਸੀ-130 ਜਹਾਜ਼ ‘ਤੇ 96 ਮਿਲਟਰੀ ਕਰਮੀ ਸਵਾਰ ਸਨ। 

ਸੁਲੁ ਸੂਬੇ ਦੇ ਜੋਲੋ ਹਵਾਈ ਅੱਡੇ ‘ਤੇ ਐਤਵਾਰ ਨੂੰ ਉਤਰਦੇ ਸਮੇਂ ਰਨਵੇਅ ਦੇ ਬਾਹਰ ਨਾਰੀਅਲ ਦੇ ਖੇਤ ਵਿਚ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਉਸ ਵਿਚ ਅੱਗ ਲੱਗਣ ਤੋਂ ਪਹਿਲਾਂ ਕੁਝ ਸੈਨਿਕਾਂ ਨੂੰ ਜਹਾਜ਼ ਵਿਚੋਂ ਛਾਲ਼ਾਂ ਮਾਰ ਦਿੱਤੀਆਂ । ਸੈਨਾ ਦੇ ਜਵਾਨਾਂ, ਪੁਲਸ ਕਰਮੀਆਂ ਅਤੇ ਹੋਰ ਸੁਰੱਖਿਆ ਦਸਤਿਆਂ ਨੇ ਹੁਣ ਤੱਕ 49 ਮਿਲਟਰੀ ਕਰਮੀਆਂ ਨੂੰ ਬਚਾ ਲਿਆ ਹੈ। ਹਾਦਸੇ ਸਮੇਂ ਜ਼ਮੀਨ ‘ਤੇ ਡਿੱਗਣ ਵੇਲੇ ਜਹਾਜ਼ ਦੀ ਚਪੇਟ ਵਿਚ 7 ਲੋਕ ਆਏ, ਜਿਹਨਾਂ ਵਿਚੋਂ 3 ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਲੌਕਹੀਡ ਸੀ-130 ਹਰਕਿਊਲਿਸ ਫਿਲੀਪੀਨਜ਼ ਨੂੰ ਮਿਲਟਰੀ ਮਦਦ ਦੇ ਰੂਪ ਵਿਚ ਇਸ ਸਾਲ ਸੌਂਪੇ ਗਏ ਅਮਰੀਕੀ ਹਵਾਈ ਸੈਨਾ ਦੇ ਦੋ ਜਹਾਜ਼ਾਂ ਵਿਚੋਂ ਇਕ ਸੀ। 

ਇਸ ਜਹਾਜ਼ ਵਿਚ ਸਵਾਰ ਸੈਨਿਕਾਂ ਨੂੰ ‘ਅਬੁ ਸੈਯਾਫ’ ਸੰਗਠਨ ਦੇ ਅੱਤਵਾਦੀਆ ਨਾਲ ਲੜਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਹ ਸੈਨਿਕ ਦੱਖਣੀ ਕਾਗਾਯਨ ਡੀ ਓਰੋ ਸ਼ਹਿਰ ਵਿਚ ਜਹਾਜ਼ ਵਿਚ ਸਵਾਰ ਹੋਏ ਸਨ ਅਤੇ ਸੁਲੁ ਜਾ ਰਹੇ ਸਨ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਸਕਿਆ । ਅੱਗ ਲੱਗਣ ਦੇ ਕਾਰਨਾਂ ਨੂੰ ਘੋਖਣ ਲਈ ਬਲੈਕ ਬਕਸੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਖੇਤਰੀ ਮਿਲਟਰ ਕਮਾਂਡਰ ਲੈਫਟੀਨੈਂਟ ਜਨਰਲ ਕੋਲੇਟੋ ਵਿਨਲੁਆਨ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਜਹਾਜ਼ ‘ਤੇ ਦੁਸ਼ਮਣਾਂ ਨੇ ਹਮਲਾ ਕੀਤਾ ਹੋਵੇ। ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਦੀ ਹਵਾਈ ਸੈਨਾ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਭਿਆਨਕ ਹਾਦਸਾ 1971 ਵਿਚ ਵਾਪਰਿਆ ਸੀ ਜਦੋਂ ਇਕ ਜਹਾਜ਼ ਝੋਨੇ ਦੇ ਖੇਤ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਘਟਨਾ ਵਿਚ 40 ਮਿਲਟਰੀ ਕਰਮੀਆਂ ਦੀ ਮੌਤ ਹੋ ਗਈ ਸੀ। 

ਟੀਵੀ ਪੰਜਾਬ ਬਿਊਰੋ

Exit mobile version