Mexico City- ਮੈਕਸੀਕੋ ’ਚ ਲਿੰਗ ਪ੍ਰਗਟੀਕਰਨ ਪਾਰਟੀ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਪਾਇਲਟ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਜਹਾਜ਼ ਨੂੰ ਪਾਰਟੀ ਦੇ ਹਿੱਸੇ ਦੇ ਰੂਪ ’ਚ ਉਡਾਇਆ ਜਾ ਰਿਹਾ ਸੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਗੁਲਾਬੀ ਰੰਗ ਦਾ ਧੂੰਆਂ ਛੱਡ ਰਿਹਾ ਹੈ ਅਤੇ ਉਹ ਗੁਲਾਬੀ ਤੇ ਨੀਲੇ ਰੰਗ ਨਾਲ ਘਿਰੇ ਇੱਕ ਬੋਰਡ ਦੇ ਸਾਹਮਣੇ ਇੰਤਜ਼ਾਰ ਕਰ ਰਹੇ ਇੱਕ ਜੋੜੇ ਦੇ ਉੱਪਰੋਂ ਦੀ ਉੜ ਰਿਹਾ ਹੈ। ਇਸ ’ਤੇ ‘ਓਹ ਬੇਬੀ’ ਲਿਖਿਆ ਹੋਇਆ ਸੀ।
ਇਸੇ ਦੌਰਾਨ ਜਹਾਜ਼ ਦਾ ਖੱਬਾ ਪਰ ਹੇਠਾਂ ਲੋਕਾਂ ਦੇ ਸਮੂਹ ਤੋਂ ਦੂਰ ਉੱਡਦਿਆਂ ਧੜ ਨਾਲੋਂ ਵੱਖ ਹੁੰਦਾ ਦਿਖਾਈ ਦਿੰਦਾ ਹੈ। ਇਸ ਸੰਬੰਧੀ ਸਿਨਾਲੋਆ ਸੂਬੇ ਦੇ ਨਵਾਲਾਟੋ ’ਚ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪਾਇਲਟ ਨੂੰ ਮੌਕੇ ’ਤੇ ਮੁੱਢਲੀ ਸਹਾਇਤਾ ਦੇਣ ਮਗਰੋਂ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਪਾਇਲਟ ਦਾ ਨਾਂ ਨਹੀਂ ਦੱਸਿਆ ਹੈ ਅਤੇ ਨਾ ਹੀ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਲੱਗ ਸਕਿਆ ਹੈ। ਹਾਦਸੇ ਕਾਰਨ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਲਿੰਗ ਪ੍ਰਗਟੀਕਰਨ ਪਾਰਟੀਆਂ ਅਸਲ ’ਚ ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਣ ਦਾ ਇੱਕ ਮਜ਼ੇਦਾਰ ਤਰੀਕਾ ਹੈ ਕਿ ਉਹ ਦੁਨੀਆ ’ਚ ਇੱਕ ਲੜਕੀ ਜਾਂ ਲੜਕੇ ਦਾ ਸਵਾਗਤ ਕਰਨ ਵਾਲੇ ਹਨ।