TV Punjab | Punjabi News Channel

ਪਰਾਲੀ ਦੀ ਸੰਭਾਲ ਬਾਰੇ ਸਿਖਲਾਈ ਕੈਂਪ ਲਾਇਆ

FacebookTwitterWhatsAppCopy Link

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਡੇਹਲੋਂ ਨੇੜਲੇ ਪਿੰਡ ਜ਼ੀਰਖ ਵਿਖੇ ਪਰਾਲੀ ਦੀ ਸੰਭਾਲ ਦੀ ਸਿਖਲਾਈ ਦੇਣ ਲਈ ਇਕ ਕੈਂਪ ਲਾਇਆ ਗਿਆ ।

ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਵੱਲੋਂ ਬਿਨਾਂ ਸਾੜੇ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਡੇਹਲੋਂ ਦੇ ਖੇਤੀ ਵਿਕਾਸ ਅਧਿਕਾਰੀ ਡਾ. ਨਿਰਮਲ ਸਿੰਘ ਨੇ ਵਿਭਾਗ ਦੀਆਂ ਵੱਖ-ਵੱਖ ਕਿਸਾਨ ਪੱਖੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਪਰਾਲੀ ਸਾੜਨ ਦੇ ਬੁਰੇ ਰੁਝਾਨ ਨੂੰ ਰੋਕਣ ਲਈ ਵਿਭਾਗ ਹਰ ਸੰਭਵ ਕਾਰਵਾਈ ਕਰਨ ਲਈ ਤਿਆਰ ਹੈ ।

ਡਾ. ਪੰਕਜ ਕੁਮਾਰ ਨੇ ਪਰਾਲੀ ਸਾੜਨ ਦੇ ਵਾਤਾਵਰਨੀ, ਭੂਮੀ ਵਿਗਿਆਨਕ ਅਤੇ ਮਨੁੱਖੀ ਸਿਹਤ ਉਪਰ ਮਾੜੇ ਪ੍ਰਭਾਵਾਂ ਦਾ ਜ਼ਿਕਰ ਕੀਤਾ । ਡਾ. ਲਵਲੀਸ਼ ਗਰਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ।

ਡੇਹਲੋਂ ਬਲਾਕ ਦੇ ਖੇਤੀ ਵਿਕਾਸ ਅਧਿਕਾਰੀ ਡਾ. ਹਰਵਿੰਦਰ ਕੌਰ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਦਾ ਸੱਦਾ ਦਿੱਤਾ । ਡਾ. ਮਨਅਰਸ਼ਰੂਪ ਕੌਰ ਨੇ ਹਾੜੀ ਦੀਆਂ ਵੱਖ-ਵੱਖ ਫਸਲਾਂ ਦੀ ਜਾਣਕਾਰੀ ਦਿੱਤੀ । 50 ਦੇ ਕਰੀਬ ਕਿਸਾਨ ਇਸ ਸਿਖਲਾਈ ਕੈਂਪ ਦਾ ਲਾਹਾ ਲੈਣ ਲਈ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

Exit mobile version