Site icon TV Punjab | Punjabi News Channel

23 ਮਈ ਨੂੰ ਪੰਜਾਬ ਆਉਣਗੇ PM ਮੋਦੀ, ਭਾਜਪਾ ਉਮੀਦਵਾਰਾਂ ਦੇ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ

ਡੈਸਕ- ਪੰਜਾਬ ਵਿੱਚ ਲੋਕ ਸਭ ਚੋਣਾਂ ਨੂੰ ਲੈਕੇ ਭਾਰਤੀ ਜਨਤਾ ਪਾਰਟੀ ਕਾਫੀ ਗੰਭੀਰ ਨਜ਼ਰ ਆ ਰਹੀ ਹੈ। ਇਸ ਕਾਰਨ ਭਾਜਪਾ ਦੀ ਕੌਮੀ ਲੀਡਰਸ਼ਿਪ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿੱਚ ਪੰਜਾਬ ਵਿੱਚ ਆਪਣੀ ਪੂਰੀ ਤਾਕਤ ਲਾਉਣ ਜਾ ਰਹੀ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਦੌਰੇ ‘ਤੇ ਹੋਣਗੇ। ਉਹ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।

23 ਮਈ ਨੂੰ PM ਮੋਦੀ ਪਟਿਆਲਾ ਵਿਖੇ ਲੋਕਾਂ ਨੂੰ ਭਾਜਪਾ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕਰਨਗੇ। ਇਸੇ ਦਿਨ ਪ੍ਰਧਾਨ ਮੰਤਰੀ ਹਰਿਆਣਾ ਦੀ ਮਹਿੰਦਰਗੜ੍ਹ ਸੀਟ ‘ਤੇ ਚੋਣ ਪ੍ਰਚਾਰ ਲਈ ਬੁਲਾਈ ਗਈ ਵਿਜੇ ਸੰਕਲਪ ਰੈਲੀ ‘ਚ ਵੀ ਸ਼ਾਮਲ ਹੋਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ 24 ਮਈ ਨੂੰ ਮੁੜ ਪੰਜਾਬ ਆਉਣਗੇ। ਇੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ ਬਾਬੂ ਅਤੇ ਜਲੰਧਰ ਵਿੱਚ ਸੁਸ਼ੀਲ ਰਿੰਕੂ ਦੇ ਸਮਰਥਨ ਵਿੱਚ ਰੈਲੀਆਂ ਕਰਨਗੇ।

ਭਾਜਪਾ ਸੂਬੇ ‘ਚ ਪਹਿਲੀ ਵਾਰ ਆਪਣੇ ਦਮ ‘ਤੇ ਚੋਣਾਂ ਲੜ ਰਹੀ ਹੈ। ਇਸ ਲਈ ਇਸ ਵਾਰ ਉਸ ਦੀ ਅਸਲ ਪ੍ਰੀਖਿਆ ਹੋਵੇਗੀ। ਅਕਾਲੀ ਦਲ ਸਤੰਬਰ 2020 ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਕਰੀਬ ਤਿੰਨ ਦਹਾਕੇ ਪੁਰਾਣੇ ਗਠਜੋੜ ਨੂੰ ਤੋੜਦਿਆਂ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਤੋਂ ਵੱਖ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਅਤੇ ਭਾਜਪਾ 1996 ਤੋਂ ਸੂਬੇ ਵਿਚ ਸੀਟਾਂ ਦੀ ਵੰਡ ਦੇ ਆਧਾਰ ‘ਤੇ ਚੋਣਾਂ ਲੜਦੇ ਆ ਰਹੇ ਹਨ।

ਪਿਛਲੀ ਵਾਰ 2019 ਦੀਆਂ ਚੋਣਾਂ ‘ਚ ਕਾਂਗਰਸ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ‘ਚੋਂ ਅੱਠ ‘ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਅਤੇ ਅਕਾਲੀ ਦਲ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਜਦਕਿ ‘ਆਪ’ ਨੇ ਸਿਰਫ਼ ਇੱਕ ਸੀਟ ਜਿੱਤੀ ਸੀ। ਪੰਜਾਬ ‘ਚ ਇਸ ਵਾਰ ਸਾਰੀਆਂ ਸੀਟਾਂ ‘ਤੇ 1 ਜੂਨ ਨੂੰ ਇੱਕੋ ਸਮੇਂ ਵੋਟਿੰਗ ਹੋਣੀ ਹੈ।

Exit mobile version