ਡੈਸਕ- ਮਨਾਲੀ ਵਿੱਚ ਲਾਪਤਾ ਹੋਈ ਪੀਆਰਟੀਸੀ ਬੱਸ ਦੇ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਇਸ ਤੋਂ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਬੱਸ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ।
ਦੱਸ ਦੱਈਏ ਕਿ ਪਿਛਲੇ ਹਫ਼ਤੇ ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਇੱਕ ਭੇਤਭਰੀ ਹਾਲਤ ਵਿਚ ਲਾਪਤਾ ਹੋ ਗਈ ਸੀ। ਇਹ ਬੱਸ ਬਿਆਸ ਦਰਿਆ ਵਿੱਚ ਰੁੜ੍ਹ ਗਈ ਸੀ। ਪਟਿਆਲਾ ਤੋਂ ਪੀਆਰਟੀਸੀ ਦੇ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਭਾਲ ਲਈ ਭੇਜੀ ਗਈ ਸੀ। ਇਸ ਟੀਮ ਨੂੰ ਕੱਲ੍ਹ ਬੱਸ ਦੇ ਡਰਾਈਵਰ ਦੀ ਲਾਸ਼ ਮਿਲ ਗਈ ਸੀ ਪਰ ਕੰਡਕਟਰ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਹੁਣ ਕੰਡਕਟਰ ਦੀ ਲਾਸ਼ ਵੀ ਮਿਲ ਗਈ ਹੈ।
ਪੀਆਰਟੀਸੀ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਹੀ ਅੱਠ ਜੁਲਾਈ ਦੀ ਸਵੇਰ ਨੂੰ ਸਵਾਰੀਆਂ ਲੈ ਕੇ ਮਨਾਲੀ ਗਈ ਚੰਡੀਗੜ੍ਹ ਡਿੱਪੂ ਦੀ ਇਹ ਬੱਸ (ਨੰਬਰ ਪੀਬੀ 65 ਬੀਬੀ 4894) ਸਵਾਰੀਆਂ ਉਤਾਰਨ ਉਪਰੰਤ ਸ਼ਾਮ ਨੂੰ ਉਥੇ ਹੀ ਪਾਰਕਿੰਗ ਵਿਚ ਖੜ੍ਹਾ ਦਿੱਤੀ ਗਈ ਸੀ। ਇਸ ਦੌਰਾਨ ਡਰਾਈਵਰ ਤੇ ਕੰਡਕਟਰ ਬੱਸ ਵਿਚ ਹੀ ਪੈ ਗਏ।
ਉਥੇ ਹੀ ਭਾਰੀ ਮੀਂਹ ਪੈਣ ਕਾਰਨ ਪਾਰਕਿੰਗ ਵਾਲਾ ਸਾਰਾ ਹਿੱਸਾ ਪਾਣੀ ਵਿਚ ਰੁੜ੍ਹ ਗਿਆ ਤੇ ਇਹ ਬੱਸ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਮ੍ਰਿਤਕ ਡਰਾਈਵਰ ਸਤਗੁਰ ਸਿੰਘ ਪਾਤੜਾਂ ਨੇੜੇ ਸਥਿਤ ਪਿੰਡ ਰਾਏਧਰਾਣਾ ਦਾ ਰਹਿਣ ਵਾਲਾ ਸੀ। ਇਸ ਬੱਸ ਦਾ ਕੰਡਕਟਰ ਜਗਸੀਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀਵਰਨਾ ਦਾ ਰਹਿਣ ਵਾਲਾ ਸੀ।