Site icon TV Punjab | Punjabi News Channel

ਕੈਪਟਨ ਦੀ ਰਿਹਾਇਸ਼ ਘੇਰਣ ਪਹੁੰਚੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ

ਪਟਿਆਲਾ : ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਨੇ ਪੱਕੇ ਕਰਨ ਲਈ ਤਿੰਨ ਰੋਜ਼ਾ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ ਜਿਸ ਦੇ ਚਲਦੇ ਅੱਜ ਹਜ਼ਾਰਾਂ ਠੇਕਾ ਮੁਲਾਜ਼ਮ ਹੜਤਾਲ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਮਾਰਚ ਕਰਨ ਤੋਂ ਪਹਿਲਾਂ ਫੁਹਾਰਾ ਚੌਕ ਵਿੱਚ ਇੱਕਠੇ ਹੋਏ। ਉਨ੍ਹਾਂ ਦੀ ਇਸ ਕਾਰਵਾਈ ਨਾਲ ਸੜਕ ਜਾਮ ਹੋ ਗਈ। ਪੁਲਿਸ ਨੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਮਹਿਲ ਦੇ ਨੇੜੇ ਜਾਣ ਤੋਂ ਰੋਕਣ ਲਈ ਪੁਖਤਾ ਬੰਦੋਬਸਤ ਕਰਨ ਦਾ ਦਾਅਵਾ ਕੀਤਾ । ਉਧਰ ਇਸ ਹੜਤਾਲ ਕਾਰਨ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਹੀ ਪ੍ਰਾਈਵੇਟ ਟਰਾਂਸਪੋਟਰ ਇਸ ਹੜਤਾਲ ਦਾ ਪੂਰਾ ਲਾਹਾ ਲੈ ਰਹੇ ਹਨ। ਇਹ ਹੜਤਾਲ 30 ਜੂਨ ਨੂੰ ਵੀ ਜਾਰੀ ਰਹੇਗੀ। ਇਨ੍ਹਾਂ ਹੜਤਾਲੀ ਮੁਲਾਜ਼ਮਾਂ ਵੱਲੋਂ ਅੱਜ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ।

ਦੱਸ ਦਈਏ ਕਿ ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬੱਸ ਨਾਲ਼ ਸਬੰਧਿਤ ਸਮੂਹ ਕੰਟਰੈਕਟ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਸਣੇ ਦਫ਼ਤਰੀ ਤੇ ਫੀਲਡ ਕਾਮਿਆਂ ਨੇ ਆਪੋ-ਆਪਣੀਆਂ ਯੂਨੀਅਨਾਂ ਨੂੰ ਇਕੱਠਾ ਕਰਦਿਆਂ ‘ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਵਰਕਰ ਯੂਨੀਅਨ ਪੰਜਾਬ’ ਨਾਂ ਦੀ ਸਾਂਝੀ ਜਥੇਬੰਦੀ ਬਣਾਈ ਹੋਈ ਹੈ। ਇਸ ਦੀ ਅਗਵਾਈ ਹੇਠਾਂ ਹੀ ਇਨ੍ਹਾਂ ਵੱਲੋਂ ਇਹ ਤਿੰਨ ਰੋਜ਼ਾ ਸੂਬਾਈ ਹੜਤਾਲ਼ ਸ਼ੁਰੂ ਕੀਤੀ ਗਈ ਹੈ।
ਟੀਵੀ ਪੰਜਾਬ ਬਿਊਰੋ
Exit mobile version