Site icon TV Punjab | Punjabi News Channel

ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦਾ ਸੀ.ਐੱਮ ਹਾਊਸ ਬਾਹਰ ਪ੍ਰਦਰਸ਼ਨ, ਪੁਲਿਸ ਨੇ ਕੀਤੀ ਸਖਤੀ

ਸੰਗਰੂਰ- ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ’ਤੇ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਨੇ ਸੰਗਰੂਰ ਵਿਚ ਪੰਜਾਬ ਸਰਕਾਰ ਵਿਰੁੱਧ 2000 ਪੀਟੀਆਈ ਅਧਿਆਪਕਾਂ ਦੀਆਂ ਪੋਸਟਾਂ ਦਾ ਪੋਰਟਲ ਨਾ ਖੋਲਣ ਕਰ ਕੇ ‘ਪੋਲ ਖੋਲ ਰੈਲੀ’ ਕੀਤੀ। ਸੂਬਾ ਪ੍ਰਧਾਨ ਅਮਨਦੀਪ ਕੰਬੋਜ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਲੰਬਾ ਸੰਘਰਸ਼ ਕਰਨ ਤੋਂ ਬਾਅਦ 16 ਦਸੰਬਰ 2021 ਨੂੰ ਪ੍ਰਾਇਮਾਰੀ ਸਕੂਲਾਂ ਵਿਚ 2000 ਪੀਟੀਆਈ ਅਧਿਆਪਕਾਂ ਦੀਆਂ ਆਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ ਪਰ ਇਨ੍ਹਾਂ ਆਸਾਮੀਆਂ ਦਾ ਪੋਰਟਲ ਆਨਲਾਈਨ ਨਹੀਂ ਕੀਤਾ ਗਿਆ।

ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਰਟੀ ਨੇ ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਨਾਲ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਬਣੀ ਤਾਂ ਪਹਿਲ ਦੇ ਆਧਾਰ ’ਤੇ ਭਰਤੀ ਕਰਨਗੇ। ਹੁਣ ਸਰਕਾਰ ਬਣਨ ’ਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (ਮੌਜੂਦਾ ਖੇਡ ਮੰਤਰੀ ਪੰਜਾਬ) ਤੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵੀਂ ਬੇਰੁਜਗਾਰ ਪੀ.ਟੀ.ਆਈ ਅਧਿਆਪਕ ਯੂਨੀਅਨ ਨਾਲ ਕਈ ਵਾਰ ਮੀਟਿੰਗਾਂ ਕਰਨ ਤੇ ਹਰ ਵਾਰ ਨਵੇਂ ਲਾਰੇ ਤੋਂ ਬਿਨਾਂ ਕੁਝ ਨਹੀਂ ਕੀਤਾ। ਬਹੁਤ ਵਾਰ 1-2 ਮਹੀਨੇ ਦਾ ਸਮਾਂ ਦੇ ਕੇ ਫਿਰ ਆਪਣੇ ਵਾਅਦਿਆਂ ਤੋਂ ਮੁਕਰ ਗਏ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ 2000 ਪੀਟੀਆਈ ਅਧਿਆਪਕਾਂ ਦੀਆਂ ਅਸਾਮੀਆਂ ਦਾ ਪੋਰਟਲ ਜਲਦੀ ਆਨਲਾਈਨ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਸ ਦੌਰਾਨ ਪੀਟੀਆਈ ਅਧਿਆਪਕ ਵੱਲੋਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਯੂਨੀਅਨ ਦੇ ਕਿਸੇ ਵੀ ਕਾਰਕੁਨ ਦਾ ਨੁਕਸਾਨ ਹੁੰਦਾ ਹੈ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਸੰਗਰੂਰ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਕੰਬੋਜ, ਮੀਤ ਪ੍ਰਧਾਨ ਗੋਬਿੰਦ ਸਿੰਘ, ਸਕੱਤਰ ਵਰਿੰਦਰ ਸਿੰਘ, ਗੁਰਵਿੰਦਰ ਸਿੰਘ, ਹਰੀਸ਼ ਚੰਦਰ, ਦਵਿੰਦਰ ਕੁਮਾਰ, ਅਵਤਾਰ ਸਿੰਘ, ਕਰਮਜੋਤ ਸਿੰਘ, ਭਰਤ ਭੂਸ਼ਣ, ਅਮਨਦੀਪ ਕੌਰ, ਕਰਮਜੀਤ ਕੌਰ, ਰੂਬੀ, ਪ੍ਅਿਕਾ, ਮੰਜੂ ਸੁਰਿੰਦਰ ਕੰਬੋਜ, ਪੰਮਾ ਸਾਮਾ, ਬਲਵਿੰਦਰ ਰਾਠੌਡ਼, ਗੁਰਮੀਤ ਚਹਿਲ ਤੇ ਹੋਰ ਮੈਬਰ ਵੀ ਮੌਜੂਦ ਸਨ।

Exit mobile version