ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚ ਚਲ ਰਹੇ ਬਜਟ ਇਜਲਾਸ ਦਾ ਚੌਥਾ ਦਿਨ ਹੰਗਾਮੇ ਨਾਲ ਸ਼ੁਰੂ ਹੋਇਆ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ‘ਆਪ’ ਸਾਂਸਦਾ ਵਲੋਂ ਸਰਕਾਰੀ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕਾਂਗਰਸੀ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਮੂਸੇਵਾਲਾ ਦਾ ਪਰਿਵਾਰ ਵਿਧਾਨ ਸਭਾ ਤੱਕ ਆ ਹੀ ਗਿਆ ਸੀ ਤਾਂ ਮੁੱਖ ਮੰਤਰੀ ਨੂੰ ਉਨ੍ਹਾਂ ਨਾਲ ਪੰਜ ਮਿੰਟ ਮੁਲਾਕਾਤ ਕਰ ਲੈਣੀ ਚਾਹੀਦੀ ਸੀ ।ਸਰਕਾਰ ਕਿਸੇ ਚੀਜ਼ ਨੂੰ ਲੁਕਾਉਣ ਲਈ ਪੀੜਤ ਪਰਿਵਾਰ ਤੋਂ ਦੂਰੀ ਬਣਾ ਰਹੀ ਹੈ ।
ਬਾਜਵਾ ਨੇ ਕਿਹਾ ਕਿ ਪਰਿਵਾਰ ਨੂੰ ਇਸ ਗੱਲ ਦੀ ਟੀਸ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕਰਨ ਵਾਲੇ ਅਜੇ ਵੀ ਖੁੱਲ੍ਹੀ ਹਵਾ ਚ ਹਨ । ਰੋਜ਼ਾਨਾ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ । ਪੁਲਿਸ ਨੇ ਥੱਲੇ ਲੈਵਲ ਦੇ ਸ਼ੂਟਰ ਤਾਂ ਫੜ੍ਹ ਲੲੁ , ਪਰ ਅਸਲ ਗੁਨਾਹਗਾਰ ਆਜ਼ਾਦ ਹਨ ।ਬਾਜਵਾ ਨੇ ਕਿਹਾ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕੇ ਸੀ.ਐੱਮ ਭਗਵੰਤ ਮਾਨ ਵਲੋਂ ਝੂਠਾ ਬਿਆਨ ਦਿੱਤਾ ਗਿਆ । ਇੰਨਾ ਸਮਾਂ ਬੀਤ ਜਾਣ ‘ਤੇ ਵੀ ਮੁੱਖ ਮੰਤਰੀ ਮਾਨ ਅਤੇ ਡੀ.ਜੀ.ਪੀ ਯਾਦਵ ਵਲੋਂ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ ।ਸਰਕਾਰ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਚ ਕੁਤਾਹੀ ਵਰਤ ਰਹੀ ਹੈ ।
ਦੂਜਾ ਮੁੱਦਾ, ਬੀਤੇ ਦਿਨ ਇਜਲਾਸ ਦੌਰਾਨ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ‘ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਪਿੰਡ ਰਾਮਗੜ੍ਹ ਚ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ । ਜਵਾਬ ਚ ਖਹਿਰਾ ਨੇ ਇਸ ਬਾਬਤ ਹਾਊਸ ਕਮੇਟੀ ਬਨਾਉਣ ਦੀ ਗੱਲ ਕੀਤੀ ਸੀ । ਜੋਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਲ ਨਾਲ ‘ਆਪ’ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਬਲਬੀਰ ਸੀਂਚੇਵਾਲ ਵਲੋਂ ਕਬਜ਼ਾਈ ਜ਼ਮੀਨ ਦੀ ਵੀ ਜਾਂਚ ਕਰੇਗੀ ।ਕਾਂਗਰਸੀਆਂ ਦਾ ਕਹਿਣਾ ਹੈ ਕਿ ਆਪ ਹੀ ਇਲਜ਼ਾਮ ਲਗਾਉਣ ਤੋਂ ਬਾਅਦ ਹੁਣ ਮਾਨ ਸਰਕਾਰ ਹਾਊਸ ਕਮੇਟੀ ਬਨਾਉਣ ਤੋਂ ਪਿੱਛੇ ਹਟ ਰਹੀ ਹੈ ।ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਕਾਨੂੰਨ ਵਿਵਸਥਾ ਲਾਗੂ ਕਰਨ ਚ ਫੇਲ੍ਹ ਸਾਬਿਤ ਹੋਈ ਹੈ ।ਵਾਕਆਊਟ ਕਰਕੇ ਨਿਕਲੇ ਸਾਰੇ ਵਿਧਾਇਕਾਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ।