Site icon TV Punjab | Punjabi News Channel

ਪੰਜਾਬ ਨੂੰ ਖੇਡਾਂ ਦੇ ਖੇਤਰ ‘ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ : ਪਰਗਟ ਸਿੰਘ

ਜਲੰਧਰ : ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ ਐੱਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਵਿਸ਼ੇਸ਼ ਤੌਰ ਉਤੇ ਪੁਰਾਣੇ ਖਿਡਾਰੀਆਂ ਨੂੰ ਅੱਗੇ ਆਉਣਾ ਪਵੇਗਾ। ਇਸ ਮੌਕੇ ਪਰਗਟ ਸਿੰਘ ਨੇ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ। ਜ਼ਿਕਰਯੋਗ ਹੈ ਕਿ ਪਰਗਟ ਸਿੰਘ ਸਾਬਕਾ ਹਾਕੀ ਓਲੰਪੀਅਨ ਹਨ।

ਇਸ ਮੌਕੇ 1996 ਐਟਲਾਂਟਾ ਉਲੰਪਿਕਸ ਵਿਚ ਪਰਗਟ ਸਿੰਘ ਦੀ ਕਪਤਾਨੀ ਹੇਠ ਭਾਰਤ ਵੱਲੋਂ ਖੇਡਣ ਵਾਲੇ ਹਰਪ੍ਰੀਤ ਸਿੰਘ ਮੰਡੇਰ ਤੇ ਸੰਜੀਵ ਕੁਮਾਰ ਮੌਕੇ ‘ਤੇ ਮੌਜੂਦ ਸਨ। ਤਿੱਕੜੀ ਨੇ ਅੱਜ ਹਾਕੀ ਖੇਡ ਕੇ ਪੁਰਾਣੇ ਦਿਨ ਚੇਤੇ ਕੀਤੇ।

ਮੰਤਰੀ ਨੇ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟੋਟਰਫ ਲਈ 5 ਲੱਖ ਰੁਪਏ ਅਤੇ ਜੀ ਐੱਸ ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਧੰਨਵਾਦ ਕੀਤਾ।

ਇਸ ਮੌਕੇ ਲੀਗ ਦੇ ਮੁੱਖ ਸਪਾਂਸਰ ਬਲਦੇਵ ਸਿੰਘ ਕੰਗ (ਪ੍ਰਬਲ ਟੀਐਮਟੀ ਸਰੀਆ) ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹਾਕੀ ਨਾਲ ਜੁੜੇ ਰਹਿਣਗੇ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।

ਚੌਥੀ ਬਾਬਾ ਜੀ ਐੱਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਵਿਚ ਓਲੰਪੀਅਨ ਜਗਦੇਵ ਸਿੰਘ ਕਲੱਬ ਜਲੰਧਰ ਨੇ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ।

ਇਸ ਮੌਕੇ ਹਾਕੀ ਉਲੰਪੀਅਨ ਦਵਿੰਦਰ ਸਿੰਘ ਗਰਚਾ, ਹਾਕੀ ਉਲੰਪੀਅਨ ਵਰਿੰਦਰ ਸਿੰਘ, ਦਰੋਣਾਚਾਰੀਆ ਐਵਾਰਡੀ ਉਲੰਪੀਅਨ ਰਾਜਿੰਦਰ ਸਿੰਘ ਜੂਨੀਅਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਮੀਤਾ, ਜਗਜੀਤ ਸਿੰਘ, ਗੁਰਮੀਤ ਸਿੰਘ, ਸੁਖਦਰਸ਼ਨ ਕੌਰ ਕੰਗ, ਸੱਤਪਾਲ ਸਿੰਘ ਮੁਨਸ਼ੀ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

 

Exit mobile version