ਜਲੰਧਰ : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ “ਆਜ਼ਾਦੀ ਕਾ ਅਮ੍ਰਿਤ ਮਹਾਂਉਤਸਵ“ ਮਨਾਉਂਦੇ ਹੋਏ ਪੀ.ਏ.ਪੀ. ਹਸਪਤਾਲ, ਜਲੰਧਰ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਸ਼੍ਰੀ ਇਕਬਾਲਪ੍ਰੀਤ ਸਿੰਘ ਸਹੋਤਾ, ਆਈ.ਪੀ.ਐਸ., ਸਪੈਸ਼ਲ ਡਾਇਰੈਕਟਰ ਜਨਰਲ, ਸਟੇਟ ਆਰਮਡ ਪੁਲਿਸ, ਜਲੰਧਰ ਵੱਲੋਂ ਕੀਤਾ ਗਿਆ।
ਇਸ ਮੌਕੇ ਜਿਥੇ ਉਨ੍ਹਾਂ ਵੱਲੋਂ ਖੁਦ ਅਤੇ ਡਾ. ਐਸ.ਕੇ.ਕਾਲੀਆ, ਆਈ.ਪੀ.ਐਸ., ਇੰਸਪੈਕਟਰ ਜਨਰਲ ਪੁਲਿਸ ਵੱਲੋਂ ਖੂਨ ਦਾਨ ਕੀਤਾ ਗਿਆ ਉਥੇ 200 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਇਸ ਕੈਂਪ ਵਿੱਚ ਸਵੈ ਇੱਛਾ ਨਾਲ ਖੂਨ ਦਾਨ ਕੀਤਾ । ਇਸ ਮੌਕੇ ਸ਼੍ਰੀ ਮਨਜੀਤ ਸਿੰਘ, ਏ.ਆਈ.ਜੀ ਅਤੇ ਹਸਪਤਾਲ ਦੇ ਡਾਕਟਰ ਵੀ ਮੌਜੂਦ ਸਨ।
ਇਸ ਮੌਕੇ ਮੁੱਖ ਮਹਿਮਾਨ ਨੇ ਖੂਨ ਦਾਨ ਨੂੰ ਸਭ ਤੋਂ ਉਤਮ ਦਾਨ ਦੱਸਦਿਆਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਜਿਸ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਇਸ ਮਹਾਂਉਤਸਵ ਦੇ ਸਬੰਧ ਵਿੱਚ ਸ੍ਰੀ ਬਹਾਦਰ ਸਿੰਘ, ਸਪੋਰਟਸ ਸਕੱਤਰ ਪੰਜਾਬ ਪੁਲਿਸ ਦੀ ਅਗਵਾਈ ਹੇਠ ਇਕ ਸਾਈਕਲ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਅਤੇ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਤਿੰਨੇ ਵਿੰਗ (ਆਰਮੀ, ਨੇਵੀ, ਏਅਰਫੋਰਸ) ਸਕਾਊਟਸ ਤੇ ਗਾਈਡਸ ਅਤੇ ਐਨ.ਐਸ.ਐਸ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ ਗਏ।
ਟੀਵੀ ਪੰਜਾਬ ਬਿਊਰੋ