Site icon TV Punjab | Punjabi News Channel

ਪੰਜਾਬ ‘ਚ ਰਾਜ ਸਭਾ ਚੋਣਾ ਦੀ ਦਸਤਕ , ਅੱਜ ਜਾਰੀ ਹੋਵੇਗੀ ਨੋਟੀਫਿਕੇਸ਼ਨ

ਚੰਡੀਗੜ੍ਹ- ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਵਿਚੋਂ ਹੁਣ ਦੋ ਸੀਟਾਂ ਖਤਮ ਹੋਣ ਜਾ ਰਹੀਆਂ ਹਨ ।ਕਾਂਗਰਸ ਦੀ ਅੰਬਿਕਾ ਸੋਨੀ ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ ।ਇਸਤੋਂ ਪਹਿਲਾਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ 92 ਸੀਟਾਂ ਦੇ ਦਮ ‘ਤੇ ਆਪਣੇ ਪੰਜ ਮੈਂਬਰਾਂ ਨੂੰ ਪਹਿਲਾਂ ਹੀ ਰਾਜ ਸਭਾ ਭੇਜ ਚੁੱਕੀ ਹੈ ।ਬਾਕੀ ਦੀਆਂ ਰਹਿੰਦੀਆਂ ਦੋ ਸੀਟਾਂ ‘ਤੇ ‘ਆਪ’ ਦਾ ਹੀ ਦਬਦਬਾ ਰਹਿਣ ਵਾਲਾ ਹੈ ।

ਪੰਜਾਬ ‘ਚੋਂ ਦੋ ਰਾਜ ਸਭਾ ਮੈਂਬਰਾਂ ਦੀ ਚੋਣ ਦੇ ਮੱਦੇਨਜ਼ਰ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਉਮੀਦਵਾਰ 31 ਮਈ, 2022 ਤੱਕ ਨਾਮਜ਼ਦਗੀਆਂ ਭਰ ਸਕਦੇ ਹਨ । ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸ਼ਡਿਊਲ ਮੁਤਾਬਕ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ 24 ਮਈ, 2022 ਹੈ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 31 ਮਈ, 2022 ਹੈ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 1 ਜੂਨ, 2022 ਨੂੰ ਹੋਵੇਗੀ। । ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 3 ਜੂਨ, 2022 ਨਿਰਧਾਰਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮਿਤੀ 10 ਜੂਨ, 2022 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਵੀ ਇਸੇ ਦਿਨ ਸ਼ਾਮ 5 ਵਜੇ ਹੋਵੇਗੀ। । ਉਨਾਂ ਕਿਹਾ ਕਿ ਚੋਣਾਂ ਦਾ ਕੰਮ 13 ਜੂਨ, 2022 ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।

ਡਾ: ਰਾਜੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਪੰਜਾਬ ਵਿਧਾਨ ਸਭਾ, ਚੰਡੀਗੜ ਦੇ ਸਕੱਤਰ, ਜੋ ਰਾਜ ਸਭਾ ਚੋਣਾਂ ਲਈ ਰਿਟਰਨਿੰਗ ਅਫਸਰ ਹਨ, ਕੋਲ ਜਨਤਕ ਛੁੱਟੀ ਵਾਲੇ ਦਿਨ ਨੂੰ ਛੱਡ ਕੇ 24-5-2022 ਤੋਂ 31-5-2022 ਤੱਕ ਕਿਸੇ ਵੀ ਦਿਨ ਦੁਪਹਿਰ 11:00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਦਾਇਰ ਕੀਤੇ ਜਾਣਗੇ।

Exit mobile version