Site icon TV Punjab | Punjabi News Channel

ਜੇਲ੍ਹ ਗਿਆ ਅਖੌਤੀ ਬਾਬਾ ਰਾਮ ਰਹੀਮ, ਖਤਮ ਹੋਈ 40 ਦਿਨਾਂ ਦੀ ਪੈਰੋਲ

ਸੁਨਾਰੀਆ- ਹਰਿਆਣਾ ਸਰਕਾਰ ਦੇ ਰਹਿਮੋ ਕਰਮ ਦੇ ਚਲਦਿਆਂ ਵਾਰ ਵਾਰ ਪੈਰੋਲ ਹਾਸਲ ਕਰਨ ਵਾਲਾ ਬਾਬਾ ਰਾਮ ਰਹੀਮ ਮੁੜ ਤੋਂ ਜੇਲ੍ਹ ਪਹੁੰਚ ਗਿਆ ਹੈ । ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ੍ਹ ਪਰਤ ਆਏ ਹਨ। ਰਾਮ ਰਹੀਮ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਤੋਂ ਸਖ਼ਤ ਸੁਰੱਖਿਆ ਦਰਮਿਆਨ ਰੋਹਤਕ ਦੀ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ ‘ਚ ਸੁਨਾਰੀਆ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ‘ਤੇ ਤੀਜੀ ਵਾਰ ਬਰਨਾਵਾ ਦੇ ਆਸ਼ਰਮ ਪਹੁੰਚਿਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰਨਾਵਾ ਆਸ਼ਰਮ ਵਿੱਚ ਪੈਰੋਲ ਦੌਰਾਨ ਰਾਮ ਰਹੀਮ ਆਪਣੀ ਗੋਦ ਲਈ ਧੀ ਹਨੀਪ੍ਰੀਤ ਅਤੇ ਪਰਿਵਾਰ ਨਾਲ ਰਿਹਾ ਅਤੇ ਪੈਰੋਲ ਦਾ ਸਮਾਂ ਉਨ੍ਹਾਂ ਨਾਲ ਬਿਤਾਇਆ। ਵੀਰਵਾਰ ਨੂੰ ਉਸ ਦੀ ਪੈਰੋਲ ਦੀ ਮਿਆਦ ਪੂਰੀ ਹੋ ਗਈ ਸੀ। ਹਰਿਆਣਾ ਪੁਲਿਸ ਅਤੇ ਬਾਗਪਤ ਦੇ ਸਰਕਲ ਅਧਿਕਾਰੀ ਵਿਜੇ ਚੌਧਰੀ, ਇੰਸਪੈਕਟਰ ਸਲੀਮ ਅਹਿਮਦ ਸ਼ੁੱਕਰਵਾਰ ਦੁਪਹਿਰ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਲੈ ਜਾਣ ਲਈ ਬਰਨਾਵਾ ਆਸ਼ਰਮ ਪਹੁੰਚੇ। ਪੁਲਸ ਇੰਸਪੈਕਟਰ ਸਲੀਮ ਅਹਿਮਦ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੂੰ ਪੁਲਿਸ ਸੁਰੱਖਿਆ ‘ਚ ਇੱਥੋਂ ਦੁਪਹਿਰ ਕਰੀਬ 3 ਵਜੇ ਰੋਹਤਕ ਦੀ ਸੁਨਾਰੀਆ ਜੇਲ ਭੇਜ ਦਿੱਤਾ ਗਿਆ।

ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਸਾਲ ‘ਚ ਤੀਜੀ ਵਾਰ ਪੈਰੋਲ ਦਿੱਤੇ ਜਾਣ ‘ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਕਤੂਬਰ 2022 ‘ਚ 40 ਦਿਨਾਂ ਦੀ ਪੈਰੋਲ ਦੇਣ ਤੋਂ ਬਾਅਦ ਹਰਿਆਣਾ ਸਰਕਾਰ ਵੀ ਜਨਵਰੀ ‘ਚ ਪੈਰੋਲ ਦੇਣ ‘ਤੇ ਸ਼ੱਕ ਦੇ ਘੇਰੇ ‘ਚ ਆ ਗਈ ਸੀ। ਵਿਰੋਧੀ ਪਾਰਟੀਆਂ ਤੋਂ ਲੈ ਕੇ ਕਈ ਸੰਗਠਨਾਂ ਨੇ ਵੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਹੈ। ਰਾਮ ਰਹੀਮ ਆਪਣੀ ਪੈਰੋਲ ਦੌਰਾਨ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ‘ਤੇ ਕਿਰਪਾਨ ਨਾਲ ਕੇਕ ਕੱਟਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਸ਼ਾਨੇ ‘ਤੇ ਆਇਆ ਸੀ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੇ ਸਿੱਖਾਂ ਦੀ ਆਸਥਾ ਨਾਲ ਜੁੜੇ ਧਾਰਮਿਕ ਚਿੰਨ੍ਹ ਮੰਨੇ ਜਾਂਦੇ ਕਿਰਪਾਨ ਨਾਲ ਕੇਕ ਕੱਟ ਕੇ ਉਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ।

Exit mobile version