Site icon TV Punjab | Punjabi News Channel

ਬਸਪਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਧੜੇਬੰਦੀ ਕਰਨ ਲਈ ਬਸਪਾ ‘ਚੋਂ ਬਰਖ਼ਾਸਤ

ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਰਛਪਾਲ ਸਿੰਘ ਰਾਜੂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦਿਆ ਇਹ ਕਾਰਵਾਈ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਹੋਇਆ ਹੈ। ਬਸਪਾ ਦੇ ਹਿੱਸੇ ਆਈਆਂ ਸਿਰਫ਼ 20 ਸੀਟਾਂ ਕਾਰਨ ਦੋਆਬੇ ਵਿੱਚ ਪਾਰਟੀ ਦੇ ਵਰਕਰਾਂ ਵਿੱਚ ਨਾਰਾਜ਼ਗੀ ਹੈ। ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕਿਆਂ ਵਿੱਚ ਨਾਰਾਜ਼ ਬਸਪਾ ਵਰਕਰਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ।

ਉਧਰ ਰਛਪਾਲ ਸਿੰਘ ਰਾਜੂ ਨੇ ਪਾਰਟੀ ਵਿੱਚੋਂ ਕੱਢੇ ਜਾਨ ਦੀ ਪੁਸ਼ਟੀ ਕਰਦਿਆ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਗਲਤ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਗੜ੍ਹਸ਼ੰਕਰ ਦੀ ਨਗਰ ਕੌਂਸਲ ਵਿੱਚ ਉਨ੍ਹਾਂ ਦੀ ਪਤਨੀ ਉਪ ਪ੍ਰਧਾਨ ਹੈ ਤੇ ਇੱਕ ਦਿਨ ਜ਼ਰੂਰੀ ਰੁਝੇਵੇਂ ਕਾਰਨ ਉਹ ਆਪਣੇ ਵਾਰਡ ਲਈ ਆਏ ਫੰਡ ਨਹੀਂ ਲੈਣ ਜਾ ਸਕੀ ਤਾਂ ਉਨ੍ਹਾਂ ਦੀ ਥਾਂ ’ਤੇ ਉਹ ਚਲੇ ਗਏ। ਉਥੇ ਕਾਂਗਰਸ ਦੇ ਸਾਬਕਾ ਵਿਧਾਇਕ ਗੋਲਡੀ ਵੀ ਆ ਗਏ। ਉਨ੍ਹਾਂ ਨਾਲ ਮੀਡੀਆ ਵਿੱਚ ਛਪੀਆਂ ਤਸਵੀਰਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਰਛਪਾਲ ਰਾਜੂ ਕਾਂਗਰਸ ਵਿੱਚ ਜਾ ਰਹੇ ਹਨ।

ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਉਹ ਬਸਪਾ ਦੇ ਵਫ਼ਾਦਾਰ ਸਿਪਾਹੀ ਹਨ ਤੇ ਬਾਬੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਲੈਕੇ ਚੱਲ ਰਹੇ ਹਨ ਤੇ ਚੱਲਦੇ ਰਹਿਣਗੇ।

Exit mobile version