
ਸ਼੍ਰੋਮਣੀ ਅਕਾਲੀ ਦਲ ਨੇ ਬਗਾਵਤ ‘ਤੇ ਉਤਰੇ ਆਪਣੇ ਟਕਸਾਲੀ ਆਗੂਆਂ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਪਾਰਟੀ ਵਿਚੋਂ ਬਾਹਰ ਕੱਢਣ ਦਾ ਫੈਸਲਾ ਲਿਆ ਹੈ। ਸਾਬਕਾ ਉਪ ਮੁੱਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਚੰਡੀਗੜ੍ਹ ਵਿਖੇ ਹੋਈ ਕੋਰ ਕਮੇਟੀ ਦੀ ਬੈਠਕ ‘ਚ ਇਸ ਫ਼ੈਸਲੇ ‘ਤੇ ਮੋਹਰ ਲਗਾਈ ਗਈ। ਇਸਦੇ ਨਾਲ ਹੀ ਅਕਾਲੀ ਦਲ ਵਲੋਂ ਬ੍ਰਹਮਪੁਰਾ ਦੇ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਜਨਾਲਾ ਦੇ ਬੇਟੇ ਅਮਰਪਾਲ ਸਿੰਘ ਬੋਨੀ ਨੂੰ ਵੀ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਚਾਰੇ ਆਗੂਆਂ ‘ਤੇ ਇਹ ਦੋਸ਼ ਸੀ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖੁੱਲ੍ਹੇਆਮ ਅਸਤੀਫ਼ੇ ਦੀ ਮੰਗ ਕੀਤੀ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਾਰਜਸ਼ੈਲੀ ਦੀ ਵੀ ਨੁਕਤਾਚੀਨੀ ਕੀਤੀ ਗਈ ਸੀ। ਤੁਹਾਨੂੰ ਦਸ ਦਈਏ ਕਿ ਅਕਾਲੀ ਦਲ ਵਲੋਂ ਇਸ ਤੋਂ ਪਹਿਲਾਂ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ‘ਤੇ ਵੀ ਸਖ਼ਤ ਕਾਰਵਾਈ ਕੀਤੀ ਗਈ ਸੀ।