Toronto- ਪਿਛਲੇ ਪੰਜ ਸਾਲਾਂ ਤੋਂ ਲਾਪਤਾ ਰਿਚਮੰਡ ਹਿੱਲ ਦੇ ਇੱਕ ਵਿਅਕਤੀ ਦਾ ਪਿੰਜਰ ਉਸ ਦੇ ਘਰ ਦੇ ਬੈਕਯਾਰਡ ਵਿੱਚ ਹੀ ਮਿਲਣ ਤੋਂ ਬਾਅਦ ਯੌਰਕ ਰੀਜਨਲ ਪੁਲਿਸ ਵਲੋਂ ਇਸ ਮਾਮਲੇ ਨੂੰ ਕਤਲ ਮੰਨ ਕੇ ਜਾਂਚ ਸ਼ੁਰੂ ਕੀਤੀ ਗਈ ਹੈ।
ਪੁਲਿਸ ਦੇ ਅਨੁਸਾਰ ਇਹ ਅਵਸ਼ੇਸ਼ 30 ਸਾਲਾ ਕੇਵਿਨ ਬੋਨਾਡਾ ਰੋਸਾਸ (30) ਦੇ ਹਨ, ਜਿਸ ਨੂੰ ਆਖਰੀ ਵਾਰ 21 ਜੂਨ, 2018 ਨੂੰ ਐਲਮਵੁੱਡ ਐਵੇਨਿਊ ’ਤੇ ਸਥਿਤ ਉਸ ਦੀ ਰਿਹਾਇਸ਼ ’ਤੇ ਦੇਖਿਆ ਗਿਆ ਸੀ। 26 ਜੂਨ 2018 ਨੂੰ ਉਸ ਦੇ ਪਰਿਵਾਰ ਵਲੋਂ ਉਸ ਦੇ ਪੰਜ ਦਿਨਾਂ ਤੋਂ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਕਿਹਾ ਕਿ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਅਪ੍ਰੈਲ 2021 ’ਚ, ਯੌਰਕ ਰੀਜਨਲ ਪੁਲਿਸ ਸਰਵਿਸਿਜ਼ ਹੋਮੀਸਾਈਡ ਯੂਨਿਟ ਨੇ ਜਾਂਚ ਦਾ ਜ਼ਿੰਮਾ ਲਿਆ। 5 ਜੂਨ, 2023 ਨੂੰ ਇਸ ਲਾਪਤਾ ਵਿਅਕਤੀ ਦਾ ਪਿੰਜਰ ਉਸ ਦੇ ਐਲਮਵੁੱਡ ਐਵਨਿਊ ਸਥਿਤ ਘਰ ਦੇ ਬੈਕਯਾਰਡ ਵਿੱਚ ਦੱਬਿਆ ਮਿਲਿਆ। ਫੋਰੈਂਸਿਕ ਜਾਂਚ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਪਿੰਜਰ ਰੋਸਾਸ ਦਾ ਹੀ ਹੈ ਤੇ ਉਸ ਦੀ ਮੌਤ ਨੂੰ ਹੁਣ ਕਤਲ ਦਾ ਦਰਜਾ ਦੇ ਦਿੱਤਾ ਗਿਆ ਹੈ। ਜਾਂਚਕਾਰਾਂ ਵਲੋਂ ਮੌਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ’ਚ ਪੁਲਿਸ ਨੇ ਕਿਸੇ ਸ਼ੱਕੀ ਜਾਂ ਸ਼ੱਕੀਆਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।