Ottawa- ਕੈਨੇਡਾ ’ਚ ਕਿਰਾਏ ਦੀ ਰਿਹਾਇਸ਼ ’ਚ ਰਹਿਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਹੈ, ਕਿਉਂਕਿ ਦੇਸ਼ ’ਚ ਕਿਰਾਏ ਦੀਆਂ ਕੀਮਤਾਂ ਲਗਾਤਾਰ ਆਸਮਾਨ ਨੂੰ ਛੂਹ ਰਹੀਆਂ ਹਨ। ਮੁਲਕ ’ਚ ਹੁਣ ਕਿਰਾਏਦਾਰਾਂ ਨੂੰ ਔਸਤਨ 2,117 ਡਾਲਰ ਪ੍ਰਤੀ ਮਹੀਨਾ ਰਿਹਾਇਸ਼ ਦੇ ਕਿਰਾਏ ਵਜੋਂ ਅਦਾ ਕਰਨ ਲਈ ਕਿਹਾ ਜਾ ਰਿਹਾ ਹੈ। ਇਹ Rentals.ca ਤੇ ਰੀਅਲ ਅਸਟੇਟ ਸਲਾਹਕਾਰ ਅਤੇ ਡੇਟਾ ਫਰਮ ਅਰਬਨੇਸ਼ਨ ਦੀ ਇੱਕ ਨਵੀਂ ਰਿਪੋਰਟ ’ਚ ਸਾਹਮਣੇ ਆਇਆ ਹੈ, ਜੋ ਕਿ ਦੇਸ਼ ਭਰ ’ਚ ਕਿਰਾਏ ਦੀਆਂ ਸੂਚੀਆਂ ਦੇ ਸਭ ਤੋਂ ਵੱਡੇ ਸਿੰਗਲ ਸਮੂਹ ਦੇ ਡੇਟਾਬੇਸ ਤੋਂ ਹਰ ਮਹੀਨੇ ਡੇਟਾ ਨੂੰ ਸਾਰਣੀਬੱਧ ਕਰਦਾ ਹੈ।
2,117 ਡਾਲਰ ਦਾ ਇਹ ਅੰਕੜਾ ਪਿਛਲੇ ਸਾਲ ਅਗਸਤ ਦੇ ਔਸਤਨ ਕਿਰਾਏ ਨਾਲੋਂ 9.6 ਫੀਸਦੀ ਵੱਧ ਹੈ। ਹਾਊਸਿੰਗ ਮਾਰਕੀਟ ’ਚ ਚੱਲ ਰਹੀ ਗੜਬੜ ਨੇ ਹਾਲ ਹੀ ਦੇ ਸਮੇਂ ’ਚ ਕਈ ਸੁਰਖੀਆਂ ਖੱਟੀਆਂ ਹਨ, ਕਿਉਂਕਿ ਮਹਿੰਗਾਈ ’ਤੇ ਕਾਬੂ ਪਾਉਣ ਲਈ ਬੈਂਕ ਆਫ ਕੈਨੇਡਾ ਲਗਾਤਾਰ ਵਿਆਜ ਦਰਾਂ ’ਚ ਵਾਧਾ ਕਰ ਰਿਹਾ ਹੈ। ਇਸ ਵਾਧੇ ਕਾਰਨ ਮੌਰਗੇਜ ਦਰਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਸਭ ਦਾ ਅਸਰ ਕਿਰਾਏਦਾਰਾਂ ’ਤੇ ਸਿੱਧੇ ਤੌਰ ’ਤੇ ਪੈ ਰਿਹਾ ਹੈ, ਕਿਉਂਕਿ ਮਕਾਨ ਮਾਲਕ ਆਪਣੀਆਂ ਇਨ੍ਹਾਂ ਲਾਗਤਾਂ ਨੂੰ ਆਪਣੇ ਕਿਰਾਏਦਾਰਾਂ ’ਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ ਨਵੇਂ ਲੋਕਾਂ ਦੇ ਕੈਨੇਡਾ ’ਚ ਆਉਣ ਕਾਰਨ ਮੁਲਕ ਭਰ ’ਚ ਰਿਹਾਇਸ਼ ਦੀ ਮੰਗ ਨੇ ਜ਼ੋਰ ਫੜਿਆ ਹੈ ਅਤੇ ਦੇਸ਼ ’ਚ ਮਕਾਨਾਂ ਦੀ ਉਸਾਰੀ ’ਚ ਵੀ ਤੇਜ਼ੀ ਆਈ ਹੈ ਪਰ ਇਸ ਸਭ ਦੇ ਬਾਵਜੂਦ ਵੀ ਕਿਰਾਏ ਦੀਆਂ ਕੀਮਤਾਂ ’ਚ ਉੱਨੀ ਗਿਰਾਵਟ ਨਹੀਂ ਆਈ ਹੈ। ਰਿਪੋਰਟ ਆਖਿਆ ਗਿਆ ਹੈ ਕਿ ਕਿ ਮਈ ਤੋਂ, ਨਵੇਂ ਕਿਰਾਏ ਲਈ ਔਸਤ ਮੰਗ ਮੁੱਲ ’ਚ ਪ੍ਰਤੀ ਮਹੀਨਾ 103 ਡਾਲਰ ਦਾ ਵਾਧਾ ਹੋਇਆ ਹੈ।