Site icon TV Punjab | Punjabi News Channel

ਖੋਜ ਅਤੇ ਪਸਾਰ ਮਾਹਰ ਮਿਲ ਕੇ ਕਿਸਾਨੀ ਦੀ ਬਿਹਤਰੀ ਲਈ ਯਤਨਸ਼ੀਲ : ਅਨਿਰੁਧ ਤਿਵਾੜੀ

ਲੁਧਿਆਣਾ : ਪੀ.ਏ.ਯੂ. ਵਿਚ ਅੱਜ ਹਾੜ੍ਹੀ ਦੀਆਂ ਫ਼ਸਲਾਂ ਲਈ ਪਸਾਰ ਅਤੇ ਖੋਜ ਮਾਹਿਰਾਂ ਦੀ ਇੱਕ ਰੋਜ਼ਾ ਆਨਲਾਈਨ ਗੋਸ਼ਟੀ ਕਰਵਾਈ ਗਈ । ਇਸ ਗੋਸ਼ਟੀ ਵਿਚ ਮੁੱਖ ਮਹਿਮਾਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ ਆਈ ਏ ਐੱਸ, ਵਧੀਕ ਮੁੱਖ ਸਕੱਤਰ (ਵਿਕਾਸ) ਸ਼ਾਮਿਲ ਹੋਏ ਜਦਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ । ਇਸ ਗੋਸ਼ਟੀ ਵਿਚ ਖੇਤੀਬਾੜੀ ਵਿਭਾਗ ਦੇ ਜੁਆਇੰਟ ਤੇ ਡਿਪਟੀ ਡਾਇਰੈਕਟਰਾਂ ਤੋਂ ਬਿਨਾਂ ਜ਼ਿਲ੍ਹਾ ਪਸਾਰ ਮਾਹਰ ਅਤੇ ਪੀ.ਏ.ਯੂ. ਦੇ ਵੱਖ-ਵੱਖ ਖੇਤਰਾਂ ਦੇ ਵਿਗਿਆਨੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮਾਹਿਰਾਂ ਨੇ ਹਿੱਸਾ ਲਿਆ । ਜ਼ੂਮ ਉੱਪਰ ਆਨਲਾਈਨ ਹੋਈ ਇਸ ਗੋਸ਼ਟੀ ਦਾ ਉਦੇਸ਼ ਬੀਤੇ ਸਮੇਂ ਦੌਰਾਨ ਪੀ.ਏ.ਯੂ. ਵੱਲੋਂ ਨਵੀਆਂ ਕਿਸਮਾਂ, ਉਤਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ ਦੇ ਖੇਤਰ ਵਿਚ ਕੀਤੀਆਂ ਗਈਆਂ ਖੋਜਾਂ ਤੋਂ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਿਰਾਂ ਨੂੰ ਜਾਣੂ ਕਰਵਾਉਣਾ ਤਾਂ ਹੈ ਹੀ ਨਾਲ ਹੀ ਪਸਾਰ ਕਾਰਜਾਂ ਦੌਰਾਨ ਆਉਂਦੀਆਂ ਸਮੱਸਿਆਵਾਂ ਬਾਰੇ ਨਿੱਠ ਕੇ ਵਿਚਾਰ ਕਰਨਾ ਵੀ ਹੈ।

ਇਸ ਗੋਸ਼ਟੀ ਵਿਚ ਵੱਖ-ਵੱਖ ਵਿਭਾਗਾਂ ਤੋਂ 400 ਦੇ ਕਰੀਬ ਮਾਹਰ ਸ਼ਾਮਿਲ ਹੋਏ। ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਪੀ.ਏ.ਯੂ. ਦਾ ਖੇਤੀ ਖੇਤਰ ਵਿਚ ਬੇਹੱਦ ਉੱਚਾ ਸਥਾਨ ਹੈ ਅਤੇ ਇਸ ਨੇ ਹਰੇ ਇਨਕਲਾਬ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਕਿਸਾਨ ਦੀ ਬਿਹਤਰੀ ਲਈ ਕੰਮ ਕੀਤਾ ਹੈ । ਉਹਨਾਂ ਕਿਹਾ ਕਿ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਪੰਜਾਬ ਨੂੰ ਸਾਂਝੇ ਤੌਰ ‘ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਦੋਵਾਂ ਸੰਸਥਾਵਾਂ ਨੇ ਬੀਤੇ ਸਾਲਾਂ ਵਿਚ ਜੋ ਸਖਤ ਕੰਮ ਕੀਤਾ ਹੈ ਉਸਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਇਸ ਵਰ੍ਹੇ ਸਿੱਧੀ ਬਿਜਾਈ ਵਾਲੇ ਝੋਨੇ ਹੇਠ ਰਕਬੇ ਦਾ ਬਦਲ ਇਸਦੀ ਮਿਸਾਲ ਹੈ । ਸ੍ਰੀ ਤਿਵਾੜੀ ਨੇ ਕਿਹਾ ਕਿ ਕੋਵਿਡ ਵਰਗੀਆਂ ਚੁਣੌਤੀਆਂ ਸਾਹਮਣੇ ਖੇਤੀ ਖੋਜ ਅਤੇ ਪਸਾਰ ਮਾਹਿਰਾਂ ਨੇ ਵਧੇਰੇ ਜ਼ਿੰਮੇਵਾਰੀ ਨਾਲ ਡੱਟ ਕੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਉਤਪਾਦਨ ਬਰਕਰਾਰ ਰੱਖਣ ਦੇ ਨਾਲ-ਨਾਲ ਸਥਿਰ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਚਿੰਤਾ ਹੈ।

ਪਸਾਰ ਮਾਹਿਰਾਂ ਨੂੰ ਪ੍ਰੇਰਿਤ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਕਣਕ-ਝੋਨੇ ਤੋਂ ਬਾਹਰ ਦੇ ਫਸਲੀ ਵਸੀਲਿਆਂ ਤੋਂ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ ਇਸਲਈ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਘੱਟੋ ਘੱਟ 20 ਪ੍ਰਤੀਸ਼ਤ ਰਕਬਾ ਉਹ ਖੇਤੀ ਵਿਭਿੰਨਤਾ ਹੇਠ ਹੋਰ ਫ਼ਸਲਾਂ ਲਈ ਰੱਖਣ। ਉਹਨਾਂ ਕਿਹਾ ਕਿ ਵੱਧ ਸਮਾਂ ਅਤੇ ਪਾਣੀ ਦੀ ਵਰਤੋਂ ਕਰਨ ਵਾਲੀਆਂ ਪੂਸਾ-44 ਵਰਗੀਆਂ ਕਿਸਮਾਂ ਨਾ ਬੀਜਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸਹੀ ਸਮਾਂ ਹੈ। ਪਰਾਲੀ ਦੀ ਸੰਭਾਲ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਹੈਪੀਸੀਡਰ, ਸੁਪਰ ਸੀਡਰ ਅਤੇ ਹੁਣ ਸਮਾਰਟ ਸੀਡਰ ਤਕਨਾਲੋਜੀ ਦੇ ਵਿਕਾਸ ਦਾ ਸੂਚਕ ਹਨ। ਉਹਨਾਂ ਕਿਹਾ ਕਿ ਸੜਕਾਂ ਕਿਨਾਰੇ ਲਾਉਣ ਵਾਲੇ ਰੁੱਖਾਂ ਨੂੰ ਸ਼ਹਿਦ ਮੱਖੀਆਂ ਲਈ ਲਾਭ ਦੇ ਨਜ਼ਰੀਏ ਤੋਂ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸ੍ਰੀ ਤਿਵਾੜੀ ਨੇ ਆਉਂਦੇ ਫਸਲੀ ਸੀਜ਼ਨ ਲਈ ਖੇਤੀ ਖੋਜ ਮਾਹਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਨੇ ਆਪਣੇ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਸਮੂਹ ਪੀ.ਏ.ਯੂ. ਦੇ ਅਧਿਕਾਰੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਇਸ ਵਰਕਸ਼ਾਪ ਲਈ ਆਨਲਾਈਨ ਪਲੇਟਫਾਰਮ ਨਾਲ ਆਉਂਦੇ ਹਾੜ੍ਹੀ ਸੀਜ਼ਨ ਦੌਰਾਨ ਕਿਸਾਨੀ ਦੀ ਬਿਹਤਰ ਸਹਾਇਤਾ ਹੋ ਸਕੇਗੀ । ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਰਿਕਾਰਡ ਉਪਜ ਸਾਹਮਣੇ ਆਈ ਅਤੇ ਇਸ ਵਾਰ ਕਣਕ ਉਤਪਾਦਨ ਪੱਖੋਂ ਪੰਜਾਬ ਨੇ 30 ਪ੍ਰਤੀਸ਼ਤ ਯੋਗਦਾਨ ਕੇਂਦਰੀ ਪੂਲ ਵਿਚ ਦੇ ਕੇ ਸਿਖਰਲਾ ਸਥਾਨ ਹਾਸਲ ਕੀਤਾ। ਉਹਨਾਂ ਨੇ ਚਾਲੂ ਸਾਉਣੀ ਸੀਜ਼ਨ ਦੌਰਾਨ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਿਚ ਤਾਲਮੇਲ ਉੱਪਰ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ ਇਸੇ ਤਾਲਮੇਲ ਸਦਕਾ ਸਿੱਧੀ ਬਿਜਾਈ ਵਾਲੇ ਝੋਨੇ ਹੇਠ ਰਕਬਾ ਵਧਿਆ ਹੈ। ਉਹਨਾਂ ਕਿਹਾ ਕਿ ਨਰਮੇ, ਮੱਕੀ ਅਤੇ ਢੈਂਚੇ ਹੇਠ ਰਕਬਾ ਵਧਿਆ ਹੈ। ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਾੜੇ ਪਾਣੀਆਂ ਦੀ ਵਰਤੋਂ ਵਧਣ ਦੇ ਅੰਕੜੇ ਸਾਹਮਣੇ ਆਏ ਹਨ।

ਉਹਨਾਂ ਕਿਹਾ ਕਿ ਪੀਲੀ ਕੁੰਗੀ ਦੀ ਰੋਕਥਾਮ, ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਨਾਲ-ਨਾਲ ਤੇਲਬੀਜ ਫਸਲਾਂ ਵਿਚ ਵਾਧੇ ਦੀਆਂ ਕੋਸ਼ਿਸ਼ਾਂ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਹਨ। ਡਾ. ਸਿੱਧੂ ਨੇ ਨਵੀਆਂ ਤੇਲਬੀਜ, ਕਮਾਦ ਅਤੇ ਜੌਂਆਂ ਦੀਆਂ ਕਿਸਮਾਂ ਦੀ ਖੋਜ ਉੱਪਰ ਜ਼ੋਰ ਦਿੱਤਾ। ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਖੋਜ ਗਤੀਵਿਧੀਆਂ ਤੇ ਰੌਸ਼ਨੀ ਪਾਉਂਦਿਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ-869, ਪੀ.ਬੀ.ਡਬਲਯੂ-824, ਪੀ.ਬੀ.ਡਬਲਯੂ-803 ਬਾਰੇ ਗੱਲ ਕੀਤੀ ਜੋ ਮਾਹਿਰਾਂ ਵੱਲੋਂ ਸਿਫ਼ਾਰਸ਼ ਕੀਤੀਆਂ ਗਈਆਂ ਹਨ । ਬਰਸੀਮ ਦੀ ਨਵੀਂ ਕਿਸਮ ਬੀ ਐੱਲ-44 ਅਤੇ ਜਵੀ ਦੀ ਨਵੀਂ ਕਿਸਮ ਓ ਐੱਲ-15 ਦਾ ਜ਼ਿਕਰ ਚਾਰੇ ਵਾਲੀਆਂ ਕਿਸਮਾਂ ਦੇ ਰੂਪ ਵਿੱਚ ਕੀਤਾ । ਇਸ ਤੋਂ ਬਿਨਾਂ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਦਾ ਜ਼ਿਕਰ ਖੇਤੀ ਜੰਗਲਾਤ ਦੇ ਸੰਦਰਭ ਵਿੱਚ ਕੀਤਾ ਗਿਆ ।

ਖੇਤੀ ਮਸ਼ੀਨਰੀ ਵਿਚ ਡਾ. ਬੈਂਸ ਨੇ ਪੀ.ਏ.ਯੂ. ਸਮਾਰਟ ਸੀਡਰ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ ਜੋ ਪਰਾਲੀ ਦਾ ਕੁਝ ਹਿੱਸਾ ਜ਼ਮੀਨ ਵਿੱਚ ਵਾਹੁੰਦਾ ਹੈ ਅਤੇ ਬਾਕੀ ਪਰਾਲੀ ਨੂੰ ਮਲਚ ਦੇ ਤੌਰ ਤੇ ਵਿਛਾ ਦਿੰਦਾ ਹੈ । ਉਤਪਾਦਨ ਤਕਨੀਕਾਂ ਵਿੱਚ ਉਹਨਾਂ ਨੇ ਛੋਲਿਆਂ ਦੇ ਦਾਣਿਆਂ ਵਿਚ ਜ਼ਿੰਕ ਦਾ ਵਾਧਾ, ਪਤਝੜ ਰੁੱਤ ਦੇ ਕਮਾਦ ਵਿਚ ਸ਼ਿਮਲਾ ਮਿਰਚ ਅਤੇ ਤੇਲਬੀਜ ਦੀ ਅੰਤਰ-ਫਸਲੀ ਕਾਸ਼ਤ, ਜੈਵਿਕ ਖੇਤੀ ਅਧੀਨ ਸਾਉਣੀ ਰੁੱਤ ਦੀ ਮੂੰਗੀ ਅਤੇ ਆਲੂਆਂ ਵਿਚ ਗੰਧਕ ਦੀ ਪੂਰਤੀ ਬਾਰੇ ਸਿਫ਼ਾਰਸ਼ਾਂ ਸਾਹਮਣੇ ਲਿਆਂਦੀਆਂ । ਇਸੇ ਤਰ੍ਹਾਂ ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਸਵਾਗਤੀ ਸ਼ਬਦ ਬੋਲਦਿਆਂ ਇਸ ਆਨਲਾਈਨ ਸੈਸ਼ਨ ਵਿਚ ਭਰਪੂਰ ਗਿਣਤੀ ਵਿਚ ਸ਼ਾਮਿਲ ਹੋਣ ਲਈ ਸਭ ਦਾ ਤਹਿ ਦਿਲੋ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਇਹ ਗੋਸ਼ਟੀ ਯਕੀਨਨ ਹੀ ਖੋਜ ਲਈ ਨਵੇਂ ਰਾਹ ਪੱਧਰੇ ਕਰੇਗੀ ਅਤੇ ਪਸਾਰ ਮਾਹਿਰਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਵੀ ਕਰੇਗੀ।

ਇਸ ਮੌਕੇ ਪਿਛਲੀ ਗੋਸ਼ਟੀ ਦੌਰਾਨ ਆਏ ਸੁਝਾਵਾਂ ਅਤੇ ਸਿਫ਼ਾਰਸ਼ਾਂ ਅਤੇ ਉਹਨਾਂ ਸੰਬੰਧੀ ਕਾਰਵਾਈ ਰਿਪੋਰਟ ਡਾ. ਗੁਰਮੀਤ ਸਿੰਘ ਬੁੱਟਰ ਵਧੀਕ ਨਿਰਦੇਸ਼ਕ ਪਸਾਰ ਨੇ ਪੇਸ਼ ਕੀਤੀ। ਇਸ ਵਰਕਸ਼ਾਪ ਦੀ ਰੂਪਰੇਖਾ ਅਤੇ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਅਰੰਭਲੇ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਮੁੱਖ ਮਹਿਮਾਨ, ਅਧਿਕਾਰੀਆਂ ਅਤੇ ਮਾਹਰਾਂ ਦਾ ਧੰਨਵਾਦ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕੀਤਾ। ਇਸ ਗੋਸ਼ਟੀ ਦੇ ਤਕਨੀਕੀ ਸੈਸ਼ਨਾਂ ਵਿਚ ਕਣਕ, ਜੌਂ ਅਤੇ ਦਾਲਾਂ ਦੇ ਨਾਲ-ਨਾਲ ਮੱਕੀ, ਤੇਲਬੀਜ ਫ਼ਸਲਾਂ, ਚਾਰੇ, ਗੰਨਾ ਆਦਿ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ। ਇਸ ਤੋਂ ਇਲਾਵਾ ਖੇਤੀ ਇੰਜਨੀਅਰਿੰਗ, ਜੰਗਲਾਤ ਅਤੇ ਅਰਥ ਸਾਸ਼ਤਰ ਦੇ ਮਸਲਿਆਂ ਨੂੰ ਵਿਚਾਰਿਆ ਗਿਆ।

ਟੀਵੀ ਪੰਜਾਬ ਬਿਊਰੋ

Exit mobile version