Site icon TV Punjab | Punjabi News Channel

ਇੱਕ ਹੋਰ ਨਾਜ਼ੀ ਦੇ ਸਨਮਾਨ ’ਚ ਹੁਣ ਰਿਡਿਊ ਹਾਲ ਨੇ ਮੰਗੀ ਮੁਆਫ਼ੀ

ਇੱਕ ਹੋਰ ਨਾਜ਼ੀ ਦੇ ਸਨਮਾਨ ’ਚ ਹੁਣ ਰਿਡਿਊ ਹਾਲ ਨੇ ਮੰਗੀ ਮੁਆਫ਼ੀ

Ottawa- ਗਵਰਨਰ ਜਨਰਲ ਦੇ ਦਫ਼ਤਰ ਨੇ ਦਹਾਕੇ ਪਹਿਲਾਂ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਯੂਨਿਟ ਲਈ ਲੜਨ ਵਾਲੇ ਇੱਕ ਵਿਅਕਤੀ ਨੂੰ ਕੈਨੇਡਾ ਦੇ ਸਰਵਉੱਚ ਨਾਗਰਿਕ ਸਨਮਾਨਾਂ ’ਚੋਂ ਇੱਕ ਦਿੱਤੇ ਜਾਣ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਅਲਬਰਟਾ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਅਤੇ ਫ੍ਰੀ ਯੂਕਰੇਨੀਅਨਜ਼ ਦੀ ਵਿਸ਼ਵ ਕਾਂਗਰਸ ਦੇ ਆਗੂ ਪੀਟਰ ਸਾਵਰਿਨ ਨੂੰ ਜੂਨ 1987 ’ਚ ਆਰਡਰ ਆਫ਼ ਕੈਨੇਡਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ।
ਉਨ੍ਹਾਂ ਨੇ ਸੋਵੀਅਤ ਯੂਨੀਅਨ ਨਾਲ ਲੜਨ ’ਚ ਮਦਦ ਕਰਨ ਲਈ ਨਾਜ਼ੀਆਂ ਦੁਆਰਾ ਬਣਾਈ ਗਈ ਇੱਕ ਸਵੈ-ਇੱਛੁਕ ਇਕਾਈ ਵੈਫੇਨ-ਐਸਐਸ ਗੈਲੀਸੀਆ ਡਿਵੀਜ਼ਨ ਲਈ ਲੜਾਈ ਲੜੀ ਸੀ। ਗਵਰਨਰ ਜਨਰਲ ਦੇ ਸਕੱਤਰ ਦੇ ਦਫ਼ਤਰ ਲਈ ਪਬਲਿਕ ਅਫੇਅਰਜ਼ ਦੀ ਡਿਪਟੀ ਡਾਇਰੈਕਟਰ, ਲੀਨ ਸੈਂਟੇਰੇ ਨੇ ਬੁੱਧਵਾਰ ਨੂੰ ਇੱਕ ਬਿਆਨ ’ਚ ਕਿਹਾ, ‘‘ਅਸੀਂ ਕੈਨੇਡੀਅਨਾਂ ਨੂੰ ਉਸਦੀ ਨਿਯੁਕਤੀ ਕਾਰਨ ਹੋਈ ਕਿਸੇ ਵੀ ਤਕਲੀਫ਼ ਜਾਂ ਦਰਦ ਲਈ ਦਿਲੋਂ ਮੁਆਫ਼ੀ ਜ਼ਾਹਰ ਕਰਦੇ ਹਾਂ।’’ ਸੈਂਟਰੇ ਨੇ ਅੱਗੇ ਕਿਹਾ, ‘‘ਆਰਡਰ ਆਫ਼ ਕੈਨੇਡਾ ਲਈ ਇਤਿਹਾਸਕ ਨਿਯੁਕਤੀਆਂ ਸਮੇਂ ਦੇ ਇੱਕ ਖਾਸ ਪਲ ਨੂੰ ਦਰਸਾਉਂਦੀਆਂ ਹਨ ਅਤੇ ਉਸ ਸਮੇਂ ਉਪਲਬਧ ਸੀਮਤ ਜਾਣਕਾਰੀ ਸਰੋਤਾਂ ’ਤੇ ਅਧਾਰਿਤ ਹੋਣਗੀਆਂ।’’
ਪਿਛਲੇ ਹਫ਼ਤੇ, ਲਿਬਰਲ ਐਮਪੀ ਐਂਥਨੀ ਰੋਟਾ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦੇ 22 ਸਤੰਬਰ ਦੇ ਭਾਸ਼ਣ ’ਚ ਸ਼ਾਮਿਲ ਹੋਣ ਲਈ ਉਸੇ ਯੂਨਿਟ ਦੇ ਇੱਕ ਹੋਰ ਲੜਾਕੇ, ਯਾਰੋਸਲਾਵ ਹੰਕਾ (98) ਨੂੰ ਸੱਦਾ ਦੇਣ ਦੇ ਆਪਣੇ ਫੈਸਲੇ ’ਤੇ ਹਾਊਸ ਆਫ ਕਾਮਨਜ਼ ਦੇ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰੋਟਾ ਨੇ ਆਪਣੇ ਭਾਸ਼ਣ ’ਚ ਹੰਕਾ ਨੂੰ ‘ਹੀਰੋ’ ਦੱਸਿਆ ਸੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੈਨੇਡਾ ਦੀ ਪਾਰਲੀਮੈਂਟ ਦੀ ਤਰਫੋਂ ਹੰਕਾ ਲਈ ਤਾੜੀਆਂ ਮਾਰਨ ਅਤੇ ਖੜ੍ਹੇ ਹੋ ਕੇ ਸਵਾਗਤ ਕਰਨ ਲਈ ਮੁਆਫ਼ੀ ਮੰਗੀ।
ਗਵਰਨਮੈਂਟ ਜਨਰਲ ਮੈਰੀ ਸਾਈਮਨ ਦੇ ਦਫਤਰ ਤੋਂ ਮੁਆਫੀ ਮੰਗਣ ਦੀ ਜਾਣਕਾਰੀ ਪਹਿਲੀ ਵਾਰ ਅਮਰੀਕੀ ਯਹੂਦੀ ਨਿਊਜ਼ ਆਉਟਲੈਟ ‘ਦ ਫਾਰਵਰਡ’ ਵਲੋਂ ਦਿੱਤੀ ਗਈ ਸੀ। ਗਵਰਨਰ ਜਨਰਲ ਦੇ ਦਫ਼ਤਰ ਦੇ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਕੈਨੇਡੀਅਨਾਂ ਦੀ ਗੱਲ ਨੂੰ ਸੁਣਨ ਅਤੇ ਸਾਹਮਣੇ ਆਉਣ ਵਾਲੀ ਨਵੀਂ ਜਾਣਕਾਰੀ ਦਾ ਜਵਾਬ ਦੇਣ ਤੇ ਜਦੋਂ ਸੰਭਵ ਹੋਵੇ ਤਾਂ ਇਸਦੀ ਸਮਾਪਤੀ ਨੀਤੀ ਦੀ ਪਾਲਣਾ ਕਰਨ ਲਈ ਵਚਨਬੱਧ ਹੈ।
ਉਸ ਪਾਲਿਸੀ ਦਾ ਮਤਲਬ ਹੈ ਕਿ ਪ੍ਰਾਪਤਕਰਤਾ ਦੀ ਮੌਤ ਹੋਣ ਜਾਣ ’ਤੇ ਆਰਡਰ ਆਫ਼ ਕੈਨੇਡਾ ’ਚ ਨਿਯੁਕਤੀ ਸਮਾਪਤ ਕਰ ਦਿੱਤੀ ਜਾਂਦੀ ਹੈ। ਕਿਉਂਕਿ ਸਾਵਰਿਨ ਦੀ 2017 ਵਿੱਚ ਮੌਤ ਹੋ ਗਈ ਸੀ, ਉਸਦੀ ਮੈਂਬਰਸ਼ਿਪ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਇਸ ਲਈ ਇਸਨੂੰ ਰੱਦ ਨਹੀਂ ਕੀਤਾ ਜਾ ਸਕਦਾ। ਰਿਡਿਊ ਹਾਲ ਨੇ ਕਿਹਾ ਕਿ 2002 ’ਚ ਸਾਵਰਿਨ ਨੂੰ ਗੋਲਡਨ ਜੁਬਲੀ ਮੈਡਲ ਅਤੇ 2012 ’ਚ ਡਾਇਮੰਡ ਜੁਬਲੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ, ਇਹ ਦੋਵੇਂ ਆਪਣੇ ਆਪ ਆਰਡਰ ਆਫ਼ ਕੈਨੇਡਾ ਦੇ ਸਾਰੇ ਮੈਂਬਰਾਂ ਨੂੰ ਦਿੱਤੇ ਗਏ ਸਨ।

Exit mobile version