ਡੈਸਕ- ਜਲੰਧਰ ਦੇ ਨਕੋਦਰ ਰੋਡ ‘ਤੇ ਖਾਲਸਾ ਸਕੂਲ ਨੇੜੇ ਬੁੱਧਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਇਕ ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਓ-ਪੁੱਤ ਨੂੰ ਦਰੜ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਐਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਸਰੀਰ ਦੇ ਕਈ ਟੁੱਕੜੇ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਭਾਰਗਵ ਕੈਂਪ ਥਾਣਾ ਦੀ ਪੁਲਿਸ ਟੀਮ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਜਸਵੀਰ ਸਿੰਘ (42) ਅਤੇ ਕਰਮਣ ਸਿੰਘ (16)ਵਜੋਂ ਹੋਈ ਹੈ ਜੋ ਪਿੰਡ ਹੇਰਾਂ ਦੇ ਰਹਿਣ ਵਾਲੇ ਸਨ। ਮ੍ਰਿਤਕ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੇ ਘਰ ਲੜਕੀ ਦਾ ਵਿਆਹ ਸੀ। ਜਿਸ ਦੇ ਵਿਆਹ ਲਈ ਸਬਜ਼ੀ ਲੈਣ ਲਈ ਉਹਨਾਂ ਮਕਸੂਦਾਂ ਮੰਡੀ ਜਾਣਾ ਸੀ। ਜਦੋਂ ਉਹ ਮੋਟਰਸਾਈਕਲ ‘ਤੇ ਥੋੜ੍ਹਾ ਅੱਗੇ ਗਿਆ ਤਾਂ ਦੂਸਰੀ ਬਾਈਕ ‘ਤੇ ਜਸਵੀਰ ਤੇ ਕਰਮਨ ਆ ਰਹੇ ਸਨ। ਕੁਝ ਦੂਰ ਜਾ ਕੇ ਜਦੋਂ ਜਸਵੀਰ ਨਾ ਆਇਆ ਤਾਂ ਉਸ ਨੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ।
ਫਿਰ ਉਸ ਨੇ ਪਿੰਡ ਫੋਨ ਕਰਕੇ ਕਿਹਾ ਕਿ ਜਸਵੀਰ ਤੇ ਕਰਮਣ ਫੋਨ ਨਹੀਂ ਚੁੱਕ ਰਹੇ। ਇਸ ਤੋਂ ਬਾਅਦ ਉਹ ਆਪਣੀ ਬਾਈਕ ‘ਤੇ ਵਾਪਸ ਆਉਣ ਲੱਗਾ। ਜਦੋਂ ਖਾਲਸਾ ਸਕੂਲ ਡੰਪ ਨੇੜੇ ਪੁੱਜਾ ਤਾਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਘਟਨਾ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕਾ ਮਿਲਦੇ ਹੀ ਡਰਾਈਵਰ ਟਿੱਪਰ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪਿੱਛਾ ਕਰਕੇ ਡਰਾਈਵਰ ਨੂੰ ਕਰੀਬ ਇੱਕ ਕਿਲੋਮੀਟਰ ਦੂਰ ਫੜ ਲਿਆ। ਟਿੱਪਰ ਬਠਿੰਡਾ ਦੀ ਇੱਕ ਫਰਮ ਦਾ ਹੈ। ਪੁਲਸ ਨੇ ਟਿੱਪਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਮਾਲਕ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਹਾਦਸਾ ਐਨਾ ਭਿਆਨਕ ਸੀ ਕਿ ਹਾਦਸੇ ਵਿੱਚ ਮ੍ਰਿਤਕਾਂ ਦੀਆਂ ਲਾਸ਼ਾ ਦੇ ਕਈ ਟੁਕੜੇ ਹੋ ਗਏ। ਜਿਨ੍ਹਾਂ ਨੂੰ ਪੁਲਿਸ ਵੱਲੋਂ ਇਕੱਠਾ ਕਰਕੇ ਐਬੁਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ ਸਾਢੇ 6 ਕੁ ਵਜੇ ਵਾਪਰਿਆ। ਘਟਨਾ ਵਾਲੀ ਥਾਂ ਤੋਂ ਮ੍ਰਿਤਕ ਦਾ ਟਿੱਪਰ ਅਤੇ ਪਲੈਟੀਨਾ ਬਾਈਕ (ਪੀਬੀ 03 ਈ 2186) ਜ਼ਬਤ ਕਰ ਲਿਆ ਗਿਆ ਹੈ। ਮੁਲਜ਼ਮ ਟਿੱਪਰ ਨੂੰ ਤਾਲਾ ਲਾ ਕੇ ਉਥੋਂ ਫ਼ਰਾਰ ਹੋ ਗਏ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।