ਡੈਸਕ- ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ੁਰੂ ਹੋਏ ਵਿਵਾਦ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ 2007 ਤੋਂ 2017 ਤੱਕ ਦੇ ਮੰਤਰੀਆਂ ਨੂੰ 2 ਦਸੰਬਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਪਰ ਇਸ ਤੋਂ ਚਾਰ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਗੀਤ ਰਿਲੀਜ਼ ਹੋਇਆ ਹੈ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇੱਕ ਸਾਜ਼ਿਸ਼ ਦਾ ਸ਼ਿਕਾਰ ਦੱਸਿਆ ਗਿਆ ਹੈ।
ਇਹ ਗੀਤ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਦੇ ਹੱਕ ਵਿੱਚ ਗਾਇਆ ਹੈ। ਰੌਕੀ ਮਿੱਤਲ ਨੇ ਇਸ ਗੀਤ ‘ਚ ਸੁਖਬੀਰ ਬਾਦਲ ਦੇ ਹੱਕ ‘ਚ ਬੋਲਦਿਆਂ ਬਾਗੀ ਧੜੇ ‘ਤੇ ਜ਼ਮੀਰ ਦਾ ਕਤਲ ਕਰਨ ਦਾ ਇਲਜ਼ਾਮ ਲਾਇਆ ਹੈ। ਇੰਨਾ ਹੀ ਨਹੀਂ ਗੀਤ ‘ਚ ਕੇਂਦਰ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਇਸ ਗੀਤ ‘ਚ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਨੂੰ ਦਿੱਲੀ ਦੀ ਧੱਕੇਸ਼ਾਹੀ ਤੋਂ ਬਚਾਉਣ ਵਾਲਾ ਨੇਤਾ ਦੱਸਿਆ ਹੈ।
ਗੀਤ ‘ਚ ਰੌਕੀ ਮਿੱਤਲ ਨੇ ਅਕਾਲੀ ਦਲ ਨੂੰ ਦਿੱਲੀ ਦੀ ਗੁਲਾਮੀ ਬਰਦਾਸ਼ਤ ਨਾ ਕਰਨ ਵਾਲਾ ਕਹਿ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੈਰ ਛੂਹਦੇ ਦਿਖਾਇਆ ਗਿਆ ਹੈ।
ਕੇਂਦਰੀ ਏਜੰਸੀਆਂ ‘ਤੇ ਵੀ ਚੁੱਕੇ ਸਵਾਲ
ਗੀਤ ‘ਚ ਸੁਖਬੀਰ ਸਿੰਘ ਬਾਦਲ ਦੀ ਤਾਰੀਫ ਕਰਨ ਦੇ ਨਾਲ-ਨਾਲ ਵਿਰੋਧੀ ਧਿਰ ਤੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਸੁਰੱਖਿਆ ਏਜੰਸੀਆਂ ‘ਤੇ ਵੀ ਸਵਾਲ ਚੁੱਕੇ ਗਏ ਹਨ। ਰੌਕੀ ਮਿੱਤਲ ਨੇ ਗੀਤ ਵਿੱਚ ਇਲਜ਼ਾਮ ਲਾਇਆ ਹੈ ਕਿ ਸੁਖਬੀਰ ਬਾਦਲ ਨੂੰ ਫਸਾਉਣ ਵਿੱਚ ਕੇਂਦਰੀ ਏਜੰਸੀਆਂ ਦਾ ਹੱਥ ਹੈ।