New Delhi- ਭਾਰਤ ਅਤੇ ਕੈਨੇਡਾ ਦਰਮਿਆਨ ਪੈਦਾ ਹੋਈ ਡਿਪਲੋਮੈਟਿਕ ਖਿੱਚੋਤਾਣ ਵਿਚਾਲੇ ਕੈਨੇਡਾ ਦੇ ਉਪ ਫੌਜ ਮੁਖੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਇਸ ਵਿਵਾਦ ਕਾਰਨ ਫੌਜੀ ਸੰਬੰਧਾਂ ’ਤੇ ਕੋਈ ਅਸਰ ਨਹੀਂ ਪਏਗਾ।
ਕੈਨੇਡਾ ਦੇ ਉਪ ਫੌਜ ਮੁਖੀ ਮੇਜਰ ਜਨਰਲ ਪੀਟਰ ਸਕਾਟ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੀ ਇਸ ਤਲਖ਼ੀ ਦਾ ਅਸਰ ਫੌਜੀ ਸੰਬੰਧਾਂ ’ਤੇ ਨਹੀਂ ਪਏਗਾ, ਬਲਕਿ ਇਸ ਮਾਮਲੇ ਨੂੰ ਸਿਆਸੀ ਪੱਧਰ ’ਤੇ ਹੱਲ ਕਰਨਾ ਪਏਗਾ। ਸਕਾਟ ਨਵੀਂ ਦਿੱਲੀ ਵਿਖੇ ਹਿੰਦ-ਪ੍ਰਸ਼ਾਂਤ ਫੌਜ ਮੁਖੀਆਂ ਦੇ ਸੰਮੇਲਨ (ਆਈ. ਪੀ. ਏ. ਸੀ. ਸੀ.) ’ਚ ਕੈਨੇਡਾ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ’ਚ 30 ਤੋਂ ਵੱਧ ਦੇਸ਼ਾਂ ਤੋਂ ਆਏ ਫੌਜੀ ਵਫ਼ਦ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਇਸ ਦਾ ਸਾਡੇ ’ਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ। ਅਸੀਂ ਮਾਮਲੇ ’ਚ ਯਤਨ ਕਰਨ ਅਤੇ ਇਸ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਸਿਆਸੀ ਪੱਧਰ ’ਤੇ ਛੱਡ ਦਿੱਤੀ ਹੈ। ਮੇਜਰ ਜਨਰਲ ਸਕਾਟ ਨੇ ਕਿਹਾ ਕਿ ਅਸੀਂ ਇੱਥੇ ਆ ਕੇ ਖ਼ੁਸ਼ ਹਾਂ ਅਤੇ ਸਾਨੂੰ ਬਿਲਕੁਲ ਵੀ ਨਹੀਂ ਲੱਗਦਾ ਕਿ ਇਸ ਮੁੱਦੇ ਨੂੰ ਲੈ ਕੇ ਇਸ ਮੋੜ ’ਤੇ ਕੋਈ ਅਸਰ ਪਏਗਾ।
ਉਨ੍ਹਾਂ ਅੱਗੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਇਹ ਸਿਆਸੀ ਮੁੱਦਾ ਹੈ। ਯਕੀਨੀ ਤੌਰ ’ਤੇ ਸਾਡੇ ਪ੍ਰਧਾਨ ਮੰਤਰੀ ਨੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ’ਚ ਇਹ ਮੁੱਦਾ ਚੁੱਕਿਆ ਸੀ ਅਤੇ ਮੌਜੂਜਾ ਸਮੇਂ ’ਚ ਜਾਰੀ ਸੁਤੰਤਰ ਜਾਂਚ ’ਚ ਭਾਰਤ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇੱਕ ਬਿਆਨ ਦਿੱਤਾ ਸੀ। ਮੇਜਰ ਜਨਰਲ ਸਕਾਟ ਨੇ ਕਿਹਾ, ‘‘ਦੋਹਾਂ ਦੇਸ਼ਾਂ ਦੀਆਂ ਫੌਜਾਂ ’ਤੇ ਇਸ ਦਾ ਕੋਈ ਅਸਰ ਨਹੀਂ ਪੈਣ ਵਾਲਾ ਹੈ। ਮੈਂ ਕੱਲ੍ਹ ਰਾਤੀਂ ਫੌਜ ਦੇ ਤੁਹਾਡੇ ਕਮਾਂਡਰ ਨਾਲ ਗੱਲ ਕੀਤੀ ਹੈ। ਅਸੀਂ ਦੋਵੇਂ ਇਸ ਗੱਲ ’ਤੇ ਸਹਿਮਤ ਹੋਏ ਹਾਂ ਕਿ ਇਹ ਇੱਕ ਸਿਆਸੀ ਮੁੱਦਾ ਹੈ ਅਤੇ ਇਸ ਦਾ ਸਾਡੇ ਰਿਸ਼ਤਿਆਂ ’ਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ।’’