ਤਰਨਤਾਰਨ – ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ ‘ਤੇ ਲੰਘੀ ਰਾਤ ਕਰੀਬ ਸਵਾ 11 ਵਜੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਥਾਣੇ ਦੇ ਮੁੱਖ ਗੇਟ ਨਾਲ ਟਕਰਾਉਣ ਤੋਂ ਬਾਅਦ ਇਹ ਬੰਬ ਸਾਂਝ ਕੇਂਦਰ ਦੇ ਅੰਦਰ ਜਾ ਵੱਜਾ। ਇਸ ਹਮਲੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਪਰ ਸਾਂਝ ਕੇਂਦਰ ਅਤੇ ਥਾਣੇ ਦੇ ਸ਼ੀਸ਼ੇ ਟੁੱਟ ਗਏ। ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਵਾਂਗ ਹੀ ਇੱਥੇ ਵੀ ਥਾਣੇ ‘ਤੇ ਆਰ.ਪੀ.ਜੀ ਨਾਲ ਹਮਲਾ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਕੇਂਦਰੀ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਪੁਲਿਸ ਥਾਣਿਆਂ ‘ਤੇ ਹਮਲੇ ਦਾ ਇਨਪੁੱਟ ਦਿੱਤਾ ਸੀ । ਇਸਤੋਂ ਬਾਅਦ ਡੀ.ਜੀ.ਪੀ ਗੌਰਵ ਯਾਦਵ ਵਲੋਂ ਪੰਜਾਬ ਭਰ ਦੇ ਥਾਣਿਆਂ ਨੂੰ ਅਲਰਟ ਕਰ ਦਿੱਤਾ ਸੀ ।ਇਸ ਸੱਭ ਦੇ ਬਾਵਜੂਦ ਇਸ ਹਮਲੇ ਨੇ ਪੰਜਾਬ ਪੁਲਿਸ ਦੀ ਮੂਸਤੈਦੀ ਦੀ ਪੋਲ ਖੋਲ ਦਿੱਤੀ ਹੈ ।
ਮੌਕੇ ‘ਤੇ ਫੋਰੇਂਸਿਕ ਟੀਮਾਂ ਪਹੁੰਚ ਰਹੀਆਂ ਹਨ, ਇਸ ਲਈ ਉਕਤ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਥਾਣਾ ਸਰਹਾਲੀ ਨੈਸ਼ਨਲ ਹਾਈਵੇ ਨੰਬਰ 54 ‘ਤੇ ਮੌਜੂਦ ਹੈ, ਜਿਸ ਦੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਮੁਹਾਲੀ ‘ਚ ਇਸ ਤਰਾਂ ਦੇ ਹਮਲੇ ਮਗਰੋਂ ਪੰਜਾਬ ‘ਚ ਇਹ ਦੂਜਾ ਹਮਲਾ ਹੈ। ਜਿਸ ਸਮੇਂ ਅਣਪਛਾਤੇ ਹਮਲਾਵਰਾਂ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ, ਉਸ ਸਮੇਂ ਥਾਣਾ ਇੰਚਾਰਜ ਪ੍ਰਕਾਸ਼ ਸਿੰਘ ਤੋਂ ਇਲਾਵਾ 8 ਪੁਲਿਸ ਮੁਲਾਜ਼ਮ ਥਾਣੇ ‘ਚ ਮੌਜੂਦ ਸਨ। ਸੂਚਨਾ ਮਿਲਣ ‘ਤੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ।
ਅਗਸਤ ‘ਚ ਮੋਹਾਲੀ ‘ਚ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ ‘ਤੇ ਵੀ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਹਮਲਾ ਹੋਇਆ ਸੀ। ਇਸ ਦੀਆਂ ਤਾਰਾਂ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਜੁੜੀਆਂ ਹੋਈਆਂ ਸਨ। NIA ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਜੁਲਾਈ ‘ਚ ਵੀ ਇਸੇ ਇਲਾਕੇ ‘ਚ 2.5 ਕਿਲੋ ਆਰਡੀਐਕਸ ਅਤੇ ਆਈਈਡੀ ਨਾਲ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।