Site icon TV Punjab | Punjabi News Channel

ਨਿੱਝਰ ਦੀ ਹੱਤਿਆ ਨੂੰ ਲੈ ਕੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ

ਨਿੱਝਰ ਦੀ ਹੱਤਿਆ ਨੂੰ ਲੈ ਕੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ

New York- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਕੈਨੇਡਾ ਦੇ ਦੋਸ਼ਾਂ ਦਾ ਜਵਾਬ ਦਿੱਤਾ। ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ’ਚ ਹਿੱਸਾ ਲੈਣ ਲਈ ਨਿਊਯਾਰਕ ’ਚ ਸਨ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ’ਚ ਕੈਨੇਡਾ ਬਾਰੇ ਕੁਝ ਕਹਿ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ।
ਸੰਯੁਕਤ ਰਾਸ਼ਟਰ ’ਚ ਬੋਲਣ ਤੋਂ ਬਾਅਦ ਜੈਸ਼ੰਕਰ ਨੇ ਨਿਊਯਾਰਕ ’ਚ ਇਕ ਪ੍ਰੋਗਰਾਮ ’ਚ ਹਿੱਸਾ ਲਿਆ। ਭਾਰਤ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਕੇਨੇਥ ਜਸਟਰ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ। ਇਸ ਪ੍ਰੋਗਰਾਮ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਕੈਨੇਡਾ ਨੂੰ ਕਿਹਾ ਹੈ ਕਿ ਅਜਿਹਾ ਕੰਮ ਕਰਨਾ ਸਰਕਾਰ ਦੀ ਨੀਤੀ ਨਹੀਂ ਹੈ।
ਜੈਸ਼ੰਕਰ ਨੇ ਕਿਹਾ, ‘‘ਜਿੱਥੋਂ ਤੱਕ ਵੱਖਵਾਦੀ ਗਤੀਵਿਧੀਆਂ ਦਾ ਸਵਾਲ ਹੈ, ਕੈਨੇਡਾ ’ਚ ਮਾਹੌਲ ਬਹੁਤ ਅਨੁਕੂਲ ਹੈ।’’ ਇਸ ਪ੍ਰੋਗਰਾਮ ’ਚ ਜਦੋਂ ਜੈਸ਼ੰਕਰ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਸੰਬੰਧੀ ਕੈਨੇਡਾ ਵੱਲੋਂ ਲਾਏ ਜਾ ਰਹੇ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ਨੂੰ ਕਿਹਾ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ। ਅਸੀਂ ਕੈਨੇਡਾ ਨੂੰ ਕਿਹਾ ਕਿ ਜੇਕਰ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ ਤਾਂ ਸਾਨੂੰ ਦੱਸੋ।
ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ’ਚ ਵੱਖਵਾਦੀ ਤਾਕਤਾਂ ਨਾਲ ਜੁੜੇ ਸੰਗਠਿਤ ਅਪਰਾਧ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜੈਸ਼ੰਕਰ ਨੇ ਕਿਹਾ, ‘‘ਅਸੀਂ ਕੈਨੇਡਾ ਨੂੰ ਖਾਲਿਸਤਾਨ ਸਮਰਥਕਾਂ ਖਿਲਾਫ ਕਾਰਵਾਈ ਕਰਨ ਲਈ ਵਾਰ-ਵਾਰ ਕਿਹਾ ਹੈ। ਅਸੀਂ ਕੈਨੇਡੀਅਨ ਧਰਤੀ ਤੋਂ ਕੀਤੇ ਜਾ ਰਹੇ ਸੰਗਠਿਤ ਅਪਰਾਧ ਨਾਲ ਸਬੰਧਤ ਬਹੁਤ ਸਾਰੀ ਜਾਣਕਾਰੀ ਵੀ ਪ੍ਰਦਾਨ ਕੀਤੀ ਹੈ।’ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਕਈ ਲੋਕਾਂ ਦੀ ਹਵਾਲਗੀ ਲਈ ਕੈਨੇਡਾ ਨੂੰ ਅਪੀਲ ਵੀ ਕੀਤੀ ਸੀ।
ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, ‘‘ਸਾਡੀ ਚਿੰਤਾ ਇਹ ਹੈ ਕਿ ਸਿਆਸੀ ਕਾਰਨਾਂ ਕਰਕੇ ਕੈਨੇਡਾ ’ਚ ਵੱਖਵਾਦੀ ਗਤੀਵਿਧੀਆਂ ਲਈ ਮਾਹੌਲ ਕਾਫੀ ਅਨੁਕੂਲ ਰਿਹਾ ਹੈ। ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕੌਂਸਲੇਟ ’ਤੇ ਹਮਲਾ ਕੀਤਾ ਗਿਆ।’’ ਜੈਸ਼ੰਕਰ ਨੇ ਕਿਹਾ, ਲੋਕਤੰਤਰ ਦੇ ਨਾਂ ’ਤੇ ਭਾਰਤੀ ਰਾਜਨੀਤੀ ’ਚ ਦਖਲਅੰਦਾਜ਼ੀ ਕੀਤੀ ਗਈ।
ਕੈਨੇਡਾ ਅਤੇ ਭਾਰਤ ਵਿਚਾਲੇ ਪਿਛਲੇ ਹਫਤੇ ਤੋਂ ਕੂਟਨੀਤਕ ਸਬੰਧ ਕਾਫੀ ਵਿਗੜ ਗਏ ਹਨ। ਕੂਟਨੀਤਕ ਸੰਬੰਧਾਂ ’ਚ ਕੁੜੱਤਣ ਸ਼ਾਇਦ ਆਪਣੇ ਹੇਠਲੇ ਪੱਧਰ ’ਤੇ ਹੈ। ਪਿਛਲੇ ਮੰਗਲਵਾਰ ਨੂੰ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਦੇਸ਼ ਦੀ ਰਾਜਨੀਤੀ ’ਚ ਵਿਦੇਸ਼ੀ ਦਖਲਅੰਦਾਜ਼ੀ ਤੋਂ ਚਿੰਤਤ ਹੈ।

Exit mobile version