ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਅਤੇ ਸਾਬਕਾ ਬੱਲੇਬਾਜ਼ੀ ਕੋਚ ਸੰਜੇ ਬੰਗੜ ਦੇ ਬੇਟੇ ਆਰੀਅਨ ਨੇ ਸੋਸ਼ਲ ਮੀਡੀਆ ‘ਤੇ ਆਪਣੇ 10 ਮਹੀਨਿਆਂ ਦੇ ਹਾਰਮੋਨਲ ਟਰਾਂਸਫਾਰਮੇਸ਼ਨ ਸਫਰ ਨੂੰ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਲੜਕੇ ਤੋਂ ਲੜਕੀ ‘ਚ ਬਦਲ ਗਿਆ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਸੀ, ਹਾਲਾਂਕਿ ਉਨ੍ਹਾਂ ਨੇ ਹੁਣ ਇਸ ਨੂੰ ਹਟਾ ਦਿੱਤਾ ਹੈ ਪਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਪੋਸਟਾਂ ਅਜੇ ਵੀ ਮੌਜੂਦ ਹਨ, ਜਿਸ ‘ਚ ਉਨ੍ਹਾਂ ਨੇ ਆਪਣੇ ਬਦਲਾਅ ਨੂੰ ਸ਼ਬਦਾਂ ‘ਚ ਬਿਆਨ ਕੀਤਾ ਹੈ। 23 ਸਾਲ ਦਾ ਆਰੀਅਨ ਜੋ ਹੁਣ ਅਨਾਇਆ ਬਣ ਗਿਆ ਹੈ। ਸਰਜਰੀ ਤੋਂ 10 ਮਹੀਨੇ ਬਾਅਦ ਆਰੀਅਨ ਤੋਂ ਅਨਾਇਆ ਬਣੇ ਜੂਨੀਅਰ ਬੰਗੜ ਨੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਉਹ ਅਜੇ ਵੀ ਕ੍ਰਿਕਟ ਖੇਡਣਾ ਚਾਹੁੰਦੀ ਹੈ ਪਰ ਟਰਾਂਸਜੈਂਡਰ ਕ੍ਰਿਕਟਰਾਂ ਲਈ ਨਿਯਮਾਂ ਦੀ ਘਾਟ ਤੋਂ ਦੁਖੀ ਹੈ।
ਅਨਾਇਆ ਬਾਂਗਰ ਨੇ ਵੀ 2 ਪੰਨਿਆਂ ਦੀ ਲੰਬੀ ਪੋਸਟ ‘ਚ ਇਸ ਦਰਦ ਨੂੰ ਜ਼ਾਹਰ ਕੀਤਾ ਹੈ, ਜਿਸ ‘ਚ ਉਸ ਨੇ ਲਿਖਿਆ ਹੈ ਕਿ ਉਹ ਵੀ ਆਪਣੇ ਪਿਤਾ ਵਾਂਗ ਕ੍ਰਿਕਟ ਖੇਡਣਾ ਚਾਹੁੰਦੀ ਹੈ ਪਰ ਟਰਾਂਸ ਔਰਤਾਂ ਨਾਲ ਖੇਡਣ ਨੂੰ ਲੈ ਕੇ ਕੋਈ ਨਿਯਮ ਨਹੀਂ ਹਨ, ਜਿਸ ਕਾਰਨ ਇਨ੍ਹਾਂ ਕ੍ਰਿਕਟਰਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ।
ਅਨਾਇਆ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਆਪਣੀ ਵੀਡੀਓ ‘ਚ ਆਰੀਅਨ ਦੇ ਰੂਪ ‘ਚ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਸਾਬਕਾ ਭਾਰਤੀ ਕਪਤਾਨ ਐੱਮ.ਐੱਸ. ਧੋਨੀ, ਵਿਰਾਟ ਕੋਹਲੀ ਅਤੇ ਆਪਣੇ ਪਿਤਾ ਬਾਂਗਰ ਨਾਲ ਨਜ਼ਰ ਆ ਰਹੀ ਹੈ। ਆਰੀਅਨ ਖੱਬੇ ਹੱਥ ਦਾ ਬੱਲੇਬਾਜ਼ ਸੀ, ਜੋ ਇਸਲਾਮ ਜਿਮਖਾਨਾ ਦੇ ਕਲੱਬ ਨਾਲ ਖੇਡਦਾ ਸੀ। ਇਸ ਤੋਂ ਇਲਾਵਾ ਉਸ ਨੇ ਲੈਸਟਰਸ਼ਾਇਰ ਦੇ ਹਿਨਕਲੇ ਕ੍ਰਿਕਟ ਕਲੱਬ ਲਈ ਖੇਡਦਿਆਂ ਹਜ਼ਾਰਾਂ ਅਤੇ ਸੈਂਕੜੇ ਦੌੜਾਂ ਵੀ ਬਣਾਈਆਂ ਹਨ।
ਪਰ ਹੁਣ ਹਾਰਮੋਨਲ ਚੇਂਜ ਦੀ ਸਰਜਰੀ ਤੋਂ ਬਾਅਦ ਉਸ ਨੂੰ ਕ੍ਰਿਕਟ ਨੂੰ ਅਲਵਿਦਾ ਕਹਿਣਾ ਪੈ ਸਕਦਾ ਹੈ ਪਰ ਉਹ ਇਸ ਤੋਂ ਬਹੁਤਾ ਨਿਰਾਸ਼ ਨਹੀਂ ਹੈ। ਉਹ ਆਪਣੇ ਆਪ ਨੂੰ ਪਛਾਣ ਕੇ ਆਪਣੀ ਮੌਜੂਦਾ ਸਥਿਤੀ ਤੋਂ ਖੁਸ਼ ਹੈ।
ਵਰਤਮਾਨ ਵਿੱਚ ਅਨਾਇਆ ਮਾਨਚੈਸਟਰ ਵਿੱਚ ਰਹਿੰਦੀ ਹੈ ਅਤੇ ਇੱਥੋਂ ਦੇ ਇੱਕ ਸਥਾਨਕ ਕਲੱਬ ਨਾਲ ਜੁੜੀ ਹੋਈ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਮਾਨਚੈਸਟਰ ਦੇ ਕਿਸ ਕਲੱਬ ਨਾਲ ਜੁੜੀ ਹੋਈ ਹੈ ਪਰ ਇੰਸਟਾਗ੍ਰਾਮ ‘ਤੇ ਉਸ ਦੀ ਇਕ ਕਲਿੱਪ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਉਥੇ ਇਕ ਮੈਚ ‘ਚ 145 ਦੌੜਾਂ ਦੀ ਪਾਰੀ ਵੀ ਖੇਡੀ ਹੈ।
ਇਸ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਖਬਰ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਅਨਾਇਆ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਦੇ ਉਸ ਫੈਸਲੇ ਦਾ ਵਿਰੋਧ ਕੀਤਾ ਸੀ, ਜਿਸ ‘ਚ ਟਰਾਂਸਜੈਂਡਰ ਔਰਤਾਂ ਦੇ ਮਹਿਲਾ ਕ੍ਰਿਕਟ ‘ਚ ਖੇਡਣ ‘ਤੇ ਪਾਬੰਦੀ ਲਗਾਈ ਗਈ ਸੀ।