Site icon TV Punjab | Punjabi News Channel

ਕੋਰੋਨਾ ਕਾਲ ਦੀ ਮਹਾਨ ਸੇਵਾ: ਗੁਰਦੁਆਰਾ ਸਾਹਿਬ ਲਈ ਦਾਨ ਵਿਚ ਮਿਲੇ ਸੋਨੇ ਨੂੰ ਵੇਚ ਸੰਤ ਸੀਚੇਵਾਲ ਇਲਾਕੇ ਲਈ ਲਿਆਂਦੀ ਐਂਬੂਲੈਂਸ

ਟੀਵੀ ਪੰਜਾਬ ਬਿਊਰੋ : ਕੋਵਿਡ ਮਹਾਂਮਾਰੀ ਦੇ ਚੱਲਦਿਆ ਦੋਨੇ ਦੇ ਪੇਂਡੂ ਇਲਾਕੇ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਜਾਣ ਲਈ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਇਲਾਕੇ ਦੇ ਮਹਾਂਪੁਰਸ਼ਾਂ ਤੇ ਸ਼ਾਹਕੋਟ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੀਚੇਵਾਲ ਪਿੰਡ ਵਿੱਚ ਐਬੂਲੈਂਸ ਦੀਆਂ ਸੇਵਾਵਾਂ ਸ਼ੁਰੂ ਕਰਨ ਦਾ ਉਦਘਾਟਨ ਨਿਰਮਲ ਕੁਟੀਆ ਪਿੰਡ ਸੀਚੇਵਾਲ ਵਿਖੇ ਕੀਤਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸੰਗਤਾਂ ਨੇ ਕਾਫ਼ੀ ਸਮਾਂ ਪਹਿਲਾਂ ਨਿਰਮਲ ਕੁਟੀਆ ਸੀਚੇਵਾਲ ਦੀ ਨਵੀਂ ਬਣੀ ਇਮਾਰਤ ਦੇ ਗੁੰਬਦ ‘ਤੇ ਸੋਨੇ ਦੀ ਪਰਤ ਵਾਲਾ ਕਲਸ ਚੜ੍ਹਾਉਣ ਲਈ ਸੋਨਾ ਦਾਨ ਕੀਤਾ ਸੀ ਪਰ ਕੋਵਿਡ-19 ਮਹਾਂਮਾਰੀ ਦੌਰਾਨ ਆਮ ਜਨਤਾ ਦੀਆਂ ਪ੍ਰੇਸ਼ਨੀਆਂ, ਆਕਸੀਜਨ ਤੇ ਦੋਨੇ ਇਲਾਕੇ ਵਿਚ ਐਬੂਲੈਂਸ ਦੀ ਕਮੀ ਨੂੰ ਦੇਖਦਿਆਂ ਮਹਾਂਮਾਰੀ ਵਿੱਚ ਲੋਕਾਂ ਦੀ ਮੱਦਦ ਵਾਸਤੇ ਇੱਕ ਓਕਾਂਰ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਐਬੂਲੈਂਸ ਖ੍ਰੀਦਣ ਨੂੰ ਪਹਿਲ ਦਿੱਤੀ ਗਈ। ਇਹ ਨਵੀਂ ਐਬੂਲੈਂਸ 19.25 ਲੱਖ ਦੀ ਆਈ ਹੈ ਜੋ ਇਲਾਕੇ ਦੇ ਲੋਕਾਂ ਲਈ 24 ਘੰਟੇ ਹਾਜ਼ਰ ਰਹੇਗੀ। ਇਸ ਵਿੱਚ ਆਕਸੀਜਨ ਸਿਲੰਡਰਾਂ ਅਤੇ ਮਰੀਜ਼ ਲਈ ਹੋਰ ਕਈ ਤਰ੍ਹਾਂ ਦਾ ਲੋੜੀਂਦਾ ਸਮਾਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕਰੋਨਾ ਤੋਂ ਪੀੜਤ ਮਰੀਜ਼ਾਂ ਲਈ ਪ੍ਰਵਾਸੀ ਪੰਜਾਬੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਨਵੇਂ 11 ਆਕਸੀਜਨ ਕੰਸਨਟਰੇਟਰ ਲਏ ਗਏ ਹਨ। ਜਿੰਨ੍ਹਾਂ ਵਿੱਚੋਂ 6 ਕੰਸਨਟਰੇਟਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਹਨ। ਸੰਤ ਸੀਚੇਵਾਲ ਜੀ ਨੇ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਇੰਨ੍ਹਾਂ ਕੰਸਨਟਰੇਟਰਾਂ ਲਈ ਪਰਵਾਸੀ ਪੰਜਾਬੀਆਂ ਤੇ ਸੰਗਤਾਂ ਨੇ ਦਿਲ ਖੋਹਲ ਕੇ ਦਾਨ ਕੀਤਾ ਹੈ।
ਇਸ ਮੌਕੇ ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਸੁਖਜੀਤ ਸਿੰਘ, ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ,ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਐਸ.ਐਚ.ਓ ਲੋਹੀਆ ਬਲਵਿੰਦਰ ਸਿੰਘ ਭੁੱਲਰ, ਸਰਪੰਚ ਤੇਜਿੰਦਰ ਸਿੰਘ ਸੀਚੇਵਾਲ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਸਰਪੰਚ ਰਵਿੰਦਰ ਸਿੰਘ ਮਹਿਮੂਵਾਲ ਯੋਸਫ਼ਪੁਰ, ਨੰਬਰਦਾਰ ਸੁਰਜੀਤ ਸਿੰਘ ਰਾਈਵਾਲ ਦੋਨਾ, ਬੂਟਾ ਸਿੰਘ, ਸੁਲੱਖਣ ਸਿੰਘ, ਗੱਤਕਾ ਕੋਚ ਗੁਰਵਿੰਦਰ ਕੌਰ, ਗੁਰਦੇਵ ਸਿੰਘ ਫੋਜੀ ਤੇ ਹੋਰ ਆਗੂ ਹਾਜ਼ਰ ਸਨ।

Exit mobile version