Site icon TV Punjab | Punjabi News Channel

ਕਾਨੂੰਨੀ ਸੇਵਾਵਾਂ ਦਿਵਸ ਮੌਕੇ ਸੈਮੀਨਾਰ

ਜਲੰਧਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ 14 ਨਵੰਬਰ 2021 ਤੱਕ ਜ਼ਿਲ੍ਹਾ ਜਲੰਧਰ ਦੇ ਹਰੇਕ ਪਿੰਡ ਅਤੇ ਵਿੱਦਿਅਕ ਸੰਸਥਾਵਾਂ ਵਿਚ ਕਰਵਾਏ ਜਾ ਰਹੇ ਪੈਨ ਇੰਡੀਆ ਅਵੇਅਰਨੈੱਸ ਅਤੇ ਆਊਟਰੀਚ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਦੇ ਮੌਕੇ ‘ਤੇ ਕੇ.ਸੀ.ਐਲ. ਇੰਸਟੀਚਿਊਟ ਆਫ ਲਾਅ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਵਿਚ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਡਾ. ਗਗਨਦੀਪ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਦਾ ਡਾ. ਦਲਜੀਤ ਰਿਆਤ ਪ੍ਰਿੰਸੀਪਲ ਵੱਲੋਂ ਇੰਸਟੀਚਿਊਟ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਲਾਅ ਦੇ ਵਿਦਿਆਰਥੀਆਂ ਵੱਲੋਂ ਕਾਨੂੰਨੀ ਸੇਵਾਵਾਂ ਦਿਵਸ ਦੀ ਮਹੱਤਤਾ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਡਾ. ਗਗਨਦੀਪ ਕੌਰ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ – 1987 ਮਿਤੀ 9.11.1995 ਨੂੰ ਸਾਰੇ ਭਾਰਤ ਵਿੱਚ ਲਾਗੂ ਹੋਇਆ ਸੀ ਅਤੇ ਇਸ ਕਰਕੇ ਇਸ ਦਿਨ ਦੀ ਕਾਨੂੰਨ ਦੇ ਖੇਤਰ ਵਿਚ ਵਿਸ਼ੇਸ਼ ਮਹੱਤਤਾ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੁਸੂਚਿਤ ਜਾਤੀ, ਕਬੀਲੇ ਦੇ ਮੈਂਬਰ, ਔਰਤਾਂ/ਬੱਚੇ, ਹਿਰਾਸਤ ਵਿਚ ਵਿਅਕਤੀ, ਦਿਵਿਆਂਗ, ਉਦਯੋਗਿਕ ਕਾਮੇ ਅਤੇ ਹਰ ਉਹ ਵਿਅਕਤੀ ਕਾਨੂੰਨੀ ਸਹਾਇਤਾ ਲੈ ਸਕਦਾ ਹੈ, ਜਿਸਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਲੋਕ ਅਦਾਲਤਾਂ ਲਗਾ ਕੇ ਕੇਸਾਂ ਦਾ ਫੈਸਲਾ ਰਾਜ਼ੀਨਾਮੇ ਰਾਹੀਂ ਕਰਵਾਇਆ ਜਾਂਦਾ ਹੈ ਅਤੇ ਅਗਲੀ ਲੋਕ ਅਦਾਲਤ 11 ਦਸੰਬਰ 2021 ਨੂੰ ਲਗਾਈ ਜਾ ਰਹੀ ਹੈ।

ਉਨ੍ਹਾਂ ਮੀਡੀਏਸ਼ਨ ਸੈਂਟਰ ਅਤੇ ਅਪਰਾਧ ਪੀੜਤ ਮੁਆਵਜ਼ਾ ਸਕੀਮ ਸੰਬੰਧੀ ਵੀ ਜਾਗਰੂਕ ਕੀਤਾ ਅਤੇ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਵਿਕਲਪੀ ਝਗੜਾ ਨਿਵਾਰਨ ਕੇਂਦਰ ਜ਼ਿਲ੍ਹਾ ਕਚਿਹਰੀ ਜਲੰਧਰ ਜਾਂ ਟੋਲ ਫ੍ਰੀ ਨੰਬਰ 1968 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਕਾਲਜ ਦੇ ਵਿਹੜੇ ਵਿਚੋਂ ਇਕ ਰੈਲੀ ਵੀ ਕੱਢੀ ਗਈ। ਲਾਡੋਵਾਲੀ ਰੋਡ ਨੂੰ ਕਵਰ ਕਰਦੀ ਹੋਈ ਇਸ ਰੈਲੀ ਰਾਹੀਂ ਆਮ ਲੋਕਾਂ ਨੂੰ ਬੈਨਰਾਂ ਅਤੇ ਪੋਸਟਰਾਂ ਦੁਆਰਾ ਕਾਨੂੰਨੀ ਸਹਾਇਤਾ ਸਕੀਮਾਂ ਅਤੇ ਸਮਾਜਿਕ ਕੁਰੀਤੀਆਂ ਸਬੰਧੀ ਜਾਗਰੂਕ ਕੀਤਾ ਗਿਆ।

ਉਨ੍ਹਾਂ ਇਹ ਵੀ ਦੱਸਿਆ ਕਿ ਪੈਨ ਇੰਡੀਆਂ ਅਵੇਅਰਨੈਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਵਿਚ ਵਕੀਲਾਂ, ਪੈਰਾ ਲੀਗਲ ਵਲੰਟੀਅਰਜ਼, ਲਾਅ ਦੇ ਵਿਦਿਆਰਥੀਆਂ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਰਾਹੀਂ ਲੋਕਾਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਪ੍ਰਿੰਸੀਪਲ ਡਾ. ਦਲਜੀਤ ਰਿਆਤ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਜਾਗਰੂਕਤਾ ਕੈਂਪ ਕਰਵਾਉਣ ਲਈ ਕਾਲਜ ਅੱਗੋਂ ਵੀ ਤੱਤਪਰ ਰਹੇਗਾ। ਇਸ ਮੌਕੇ ਸੀਨੀਅਰ ਅਸਿਸਟੈਂਟ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਜਗਨ ਨਾਥ ਅਤੇ ਕਾਲਜ ਦੇ ਲਾਅ ਦੇ ਪ੍ਰੋਫੈਸਰ ਸਾਹਿਬਾਨ, ਸਟਾਫ਼ ਅਤੇ ਵਿਦਿਆਰਥੀ ਵੀ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

Exit mobile version