ਕੈਨੇਡਾ ਦੇ ਸਕੂਲਾਂ ’ਚ ਕਰੀਬ 1,300 ਬੱਚਿਆਂ ਨਾਲ ਜਿਨਸੀ ਸੋਸ਼ਣ

Share News:

Canada: ਜ਼ਿੰਦਗੀ ਦੇ ਪਾਠ ਪੜ੍ਹਾਉਣ ਲਈ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ’ਚ ਪਾਉਂਦੇ ਹਨ। ਸਕੂਲ ਨੂੰ ਮਾਪਿਆਂ ਵੱਲੋਂ ਬਹੁਤ ਹੀ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ। ਸਕੂਲ ਬੱਸ ’ਚ ਬਿਠਾਉਣ ਤੋਂ ਬਾਅਦ ਜਾਂ ਫਿਰ ਬੱਚਿਆਂ ਨੂੰ ਸਕੂਲ ਦੇ ਗੇਟ ਅੰਦਰ ਛੱਡਣ ਤੋਂ ਬਾਅਦ ਮਾਪੇ ਇੱਕ ਵਾਰ ਸੁੱਖ ਦਾ ਸਾਹ ਲੈਂਦੇ ਹਨ, ਕਿ ਉਨ੍ਹਾਂ ਦਾ ਬੱਚਾ ਸੁਰੱਖਿਅਤ ਮਾਹੌਲ ’ਚ ਹੈ। ਪਰ ਕੈਨੇਡੀਅਨ ਸੈਂਟਰ ਫਾਰ ਚਾਈਲਡ ਪ੍ਰਾਟੈਕਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮਾਪਿਆਂ ਦੇ ਇਸ ਭਰੋਸੇ ’ਤੇ ਸਵਾਲੀਆ ਨਿਸ਼ਾਨ ਲਗਾ ਸਕਦੀ ਹੈ।
ਰਿਪੋਰਟ ਮੁਤਾਬਕ 1997 ਤੋਂ 2017 ਤੱਕ 1,272 ਬੱਚਿਆਂ ਨੂੰ ਸਕੂਲਾਂ ’ਚ ਜਿਨਸੀ ਅਪਰਾਧ ਦੇ ਸ਼ਿਕਾਰ ਹੋਣਾ ਪਿਆ ਹੈ। ਬੱਚਿਆਂ ਦਾ ਸੋਸ਼ਣ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਸਕੂਲ ਦੇ ਹੀ ਸਟਾਫ਼ ਮੈਂਬਰ ਰਹੇ ਹਨ। ਰਿਪੋਰਟ ਮੁਤਾਬਕ 20 ਸਾਲ ਦਰਮਿਆਨ ਕੈਨੇਡਾ ’ਚ ਕਰੀਬ 1300 ਬੱਚਿਆਂ ਨੂੰ ਜਿਨਸੀ ਸੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। ਕਿੰਡਰਗਾਰਡਨ ਤੇ ਗਰੇਡ 12 ਤੱਕ ਦੇ ਵਿਦਿਆਰਥੀਆਂ ਨਾਲ ਹੋਏ ਇਸ ਅਪਰਾਧ ’ਚ ਹੁਣ ਤੱਕ 714 ਸਟਾਫ਼ ਮੈਂਬਰਾਂ ਦੇ ਨਾਮ ਸਾਹਮਣੇ ਆਏ। ਅਪਰਾਧੀਆਂ ’ਚੋਂ 86 ਫ਼ੀਸਦ ਵਿਦਿਆਰਥੀਆਂ ਦੇ ਅਧਿਆਪਕ ਸਨ।
ਜ਼ਿਆਦਾ ਮਾਮਲਿਆਂ ’ਚ ਅਪਰਾਧ ਕਰਨ ਵਾਲਿਆਂ ਨੇ ਪਹਿਲਾਂ ਬੱਚਿਆਂ ਦਾ ਭਰੋਸਾ ਜਿੱਤਿਆ ਤੇ ਫਿਰ ਬੱਚਿਆਂ ਨੂੰ ਉਨ੍ਹਾਂ ਨਾਲ ਇਕੱਲੇ ਸਮਾਂ ਬਿਤਾਉਣ ਲਈ ਕਿਹਾ। ਜਿਸ ਤੋਂ ਬਾਅਦ ਇਨ੍ਹਾਂ ਸਟਾਫ਼ ਮੈਂਬਰਾਂ ਨੇ ਬੱਚਿਆਂ ਨਾਲ ਘਿਨੌਣੀਆਂ ਹਰਕਤਾਂ ਨੂੰ ਅੰਜਾਮ ਦਿੱਤਾ। ਕਈ ਮਾਮਲਿਆਂ ’ਚ ਬੱਚਿਆਂ ਦੇ ਸੋਸ਼ਣ ਲਈ ਇਲੈਕਟਰੋਨਿਕ ਸੰਚਾਰ ਦੇ ਸਾਧਨਾਂ ਦਾ ਸਹਾਰਾ ਲਿਆ ਗਿਆ। ਜਿਵੇਂ ਕਿ ਮੈਸੇਜ ਭੇਜਣਾ ਜਾਂ ਫਿਰ ਈ-ਮੇਲ ਕਰਨਾ। ਰਿਪੋਰਟ ਜਾਰੀ ਹੋਣ ਤੋਂ ਬਾਅਦ ਕੈਨੇਡੀਅਨ ਸੈਂਟਰ ਫਾਰ ਚਾਈਲਡ ਪ੍ਰਾਟੈਕਸ਼ਨ ਦੀ ਸਿੱਖਿਆ ਨਿਰਦੇਸ਼ਕ ਨੋਨੀ ਕਿਲੈਸੇਨ ਨੇ ਕਿਹਾ ਕਿ ਸਕੂਲ ਇੱਕ ਅਜਿਹੀ ਥਾਂ ਹੈ ਜਿਸ ’ਤੇ ਬੱਚਿਆਂ ਦਾ ਭਰੋਸਾ ਹੋਣਾ ਬੇਹੱਦ ਜਰੂਰੀ ਹੈ। ਪਰ ਜਦੋਂ ਅਜਿਹੀਆਂ ਘਿਨੌਣੀਆਂ ਘਟਨਾਵਾਂ ਬੱਚਿਆਂ ਦਾ ਭਰੋਸਾ ਤੋੜਦੀਆਂ ਹਨ ਤਾਂ ਇਸ ਨਾਲ ਬੱਚੇ ਵੀ ਮਾਨਸਿਕ ਤੌਰ ’ਤੇ ਟੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਨਸੀ ਸੋਸ਼ਣ ਸਾਰੀ ਉਮਰ ਲਈ ਬੱਚਿਆਂ ’ਤੇ ਅਸਰ ਪਾ ਦਿੰਦਾ ਹੈ।
ਰਿਪੋਰਟ ਦੇ ਅੰਕੜੇ
• 87 ਫ਼ੀਸਦ ਅਪਰਾਧੀ ਪੁਰਸ਼ ਸਨ
• 75 ਫ਼ੀਸਦ ਪੀੜਤ ਲੜਕੀਆਂ ਸਨ
• 55 ਫ਼ੀਸਦ ਮਾਮਲਿਆਂ ’ਚ ਜਬਰ-ਜਿਨਾਹ ਸਕੂਲ ’ਚ ਹੋਇਆ
• 29 ਫ਼ੀਸਦ ਮਾਮਲਿਆਂ ’ਚ ਜਬਰ-ਜਿਨਾਹ ਦੋਸ਼ੀ ਦੀ ਕਾਰ ਜਾਂ ਉਸਦੇ ਘਰ ’ਚ ਹੋਇਆ
• 73 ਫ਼ੀਸਦ ਮਾਮਲਿਆ ’ਚ ਦੋਸ਼ੀ ’ਤੇ ਘੱਟੋ-ਘੱਟ ਇੱਕ ਮਾਮਲਾ ਦਰਜ ਸੀ
• ਮਾਮਲਾ ਚੱਲਣ ਤੋਂ ਬਾਅਦ 70 ਫ਼ੀਸਦ ਕੇਸ ਸਹੀ ਪਾਏ ਗਏ
ਕੈਨੇਡੀਅਨ ਸੈਂਟਰ ਫਾਰ ਚਾਈਲਡ ਪ੍ਰਾਟੈਕਸ਼ਨ ਵਿਭਾਗ ਨੇ ਸਕੂਲਾਂ ਨੂੰ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਜਿਨ੍ਹਾਂ ’ਚ ਖਾਸ ਤੌਰ ’ਤੇ ਧਿਆਨ ਦੇਣ ਲਈ ਕਿਹਾ ਗਿਆ ਹੈ ਕਿ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਦਰਮਿਆਨ ਇੱਕ ਦੂਰੀ ਬਣਾ ਕੇ ਰੱਖੀ ਜਾਵੇ। ਸੋਸ਼ਲ ਮੀਡੀਆ ’ਤੇ ਵੀ ਸਕੂਲ ਸਟਾਫ਼ ਤੇ ਵਿਦਿਆਰਥੀ ਜ਼ਿਆਦਾ ਸੰਪਰਕ ਨਾ ਰੱਖਣ। ਇਸ ਸਬੰਧੀ ਵਿਦਿਆਰਥੀਆਂ ਸਮੇਤ ਸਕੂਲ ਸਟਾਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਬਾਰੇ ਵੀ ਕਿਹਾ ਗਿਆ ਹੈ।

leave a reply