ਡੈਸਕ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ‘ਤੇ ਫੈਸਲਾ ਲੈਣ ਲਈ ਹੁਣ ਆਖਿਰੀ ਬਾਰ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ। ਜੇਕਰ ਇਸ ਤੋਂ ਬਾਅਦ ਵੀ ਭਾਰਤ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਇਸ ਤੋਂ ਬਾਅਦ ਫੈਸਲਾ ਸਿੱਖ ਪੰਥ ‘ਤੇ ਛੱਡ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ‘ਤੇ ਸਖ਼ਤ ਫੈਸਲਾ ਲੈਣ ਲਈ ਕਿਹਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ‘ਚ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਉਕਤ ਫੈਸਲਾ ਲਿਆ ਗਿਆ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿਂਘ ਧਾਮੀ ਨੇ ਕਿਹਾ ਕਿ ਸਿੱਖਾਂ ਨਾਲ ਬੇਇੰਨਸਾਫ਼ੀ ਹੋ ਰਹੀ ਹੈ। 12 ਸਾਲਾਂ ਤੋਂ ਐਸਜੀਪੀਸੀ ਵੱਲੋਂ ਰਾਜੋਆਣਾ ਨੂੰ ਲੈ ਕੇ ਦਿੱਤੀ ਗਈ ਮਰਸੀ ਪਟੀਸ਼ਨ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਐਸਜੀਪੀਸੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵੀ ਸਪੱਸ਼ਟ ਕਰ ਚੁੱਕਾ ਹੈ ਕਿ ਇਸ ‘ਤੇ ਸਰਕਾਰ ਨੂੰ ਫੈਸਲਾ ਲੈਣਾ ਹੈ, ਪਰ ਸਰਕਾਰ ਹੀ ਸਪੱਸ਼ਟ ਨਹੀਂ ਕਰ ਰਹੀ ਹੈ ਕਿ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਹੈ ਜਾਂ ਉਮਰ ਕੈਦ ਵਿੱਚ ਤਬਦੀਲ ਕਰਨਾ ਹੈ। ਹੁਣ ਇਸੇ ਮਾਮਲੇ ‘ਚ ਜ਼ਲਦੀ ਹੀ ਵਫ਼ਦ ਸਰਕਾਰ ਨੂੰ ਮਿਲੇਗਾ।
ਐਸਜੀਪੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਸਿੱਖ ਧਰਮ ਵਿੱਚ ੴ ਦਾ ਮਹੱਤਵ ਹੈ। ਇਸ ਨੂੰ ਨਾਂ ਤਾ ਕਪੜੇ ‘ਤੇ, ਨਾਂ ਹੀ ਸਰੀਰ ‘ਤੇ ਉਕੇਰਿਆ ਜਾ ਸਕਦਾ ਹੈ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਾਇਕਾ ਮੈਨ ‘ਤੇ ਇੱਕ ਟੋਪੀ ਵੇਚੀ ਜਾ ਰਹੀ ਹੈ , ਜਿਸ ‘ਤੇ ੴ ਉਕੇਰਿਆ ਗਿਆ ਹੈ। ਐਸਜੀਪੀਸੀ ਜ਼ਲਦੀ ਹੀ ਲੀਗਲ ਟੀਮ ਦੀ ਸਹਾਇਤਾ ਨਾਲ ਨਾਇਕਾ ਮੈਨ ਨੂੰ ਨੋਟਿਸ ਜਾਰੀ ਕਰੇਗੀ।
ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ‘ਚ ਸਿੱਖੀ ਸਰੂਪ ਦੇ ਨਾਲ ਖੇਡਣ ਵਾਲੇ ਖਿਡਾਰੀ ਜਰਮਨਪ੍ਰੀਤ ਸਿੰਘ ਦੀ ਐਸਜੀਪੀਸੀ ਨੇ ਤਾਰੀਫ਼ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ, ਜਿਸ ਤੋਂ ਬਾਅਦ ਹੁਣ ਐਸਜੀਪੀਸੀ ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਦਾ ਇਨਾਮ ਦੇਵੇਗੀ।