Site icon TV Punjab | Punjabi News Channel

ਸ਼ਾਹਕੋਟ ‘ਚ ਟੁੱਟਿਆ ਬੰਨ੍ਹ, ਬਿਆਸ-ਰਾਵੀ ਦੇ ਪਾਣੀ ਦਾ ਵਧਿਆ ਪੱਧਰ

ਡੈਸਕ- ਮੰਗਲਵਾਰ ਦੀ ਸਵੇਰ ਤੋਂ ਪੰਜਾਬ ਵਿੱਚ ਅੱਜ ਮੀਂਹ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਅੱਜ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਪੂਰਬੀ ਮਾਲਵੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਉਹ ਵੀ ਆਮ ਵਾਂਗ ਰਹੇਗਾ। ਅੰਮ੍ਰਿਤਸਰ ‘ਚ ਰਮਦਾਸ ਪਿੰਡ ਘੋਨੇਵਾਲ ‘ਚ ਰਾਵੀ ਦੇ ਪਾਰ ਫਸੇ 210 ਕਿਸਾਨਾਂ ਨੂੰ ਫੌਜ ਦੀ ਮਦਦ ਨਾਲ ਦੇਰ ਰਾਤ ਕੱਢਿਆ ਗਿਆ, ਅੱਜ 90 ਲੋਕਾਂ ਨੂੰ ਕੱਢਿਆ ਜਾਵੇਗਾ।

ਸ਼ਾਹਕੋਟ ‘ਚ ਦੋ ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟਿਆ। ਸ਼ਾਹਕੋਟ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਰਾਤ ਨੂੰ ਪਾਣੀ ਆ ਗਿਆ, ਜਿਸ ਤੋਂ ਬਾਅਦ NDRF ਨੇ ਉੱਥੇ ਬਚਾਅ ਮੁਹਿੰਮ ਚਲਾਈ। ਇਸ ਦੇ ਨਾਲ ਹੀ ਭਾਖੜਾ ਡੈਮ ਵਿੱਚ ਸਿਰਫ਼ 20 ਫੁੱਟ ਦੀ ਸਮਰੱਥਾ ਬਚੀ ਹੈ। ਜੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ ਤਾਂ ਇਹ ਪੰਜਾਬ ਲਈ ਹੋਰ ਚਿੰਤਾਜਨਕ ਬਣ ਜਾਵੇਗਾ। ਇਸ ਤੋਂ ਬਾਅਦ ਮਾਝੇ ਅਤੇ ਦੁਆਬੇ ਵਿੱਚ ਵੀ ਹੜ੍ਹ ਦੀ ਸਥਿਤੀ ਬਣੀ ਰਹੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਖੜਾ ਡੈਮ ਇਸ ਵੇਲੇ 1621 ਫੁੱਟ ‘ਤੇ ਹੈ। ਪਿਛਲੇ ਦੋ ਦਿਨਾਂ ਵਿੱਚ ਪਾਣੀ ਦਾ ਪੱਧਰ ਕਰੀਬ 20 ਫੁੱਟ ਵੱਧ ਗਿਆ ਹੈ। ਗੇਟ ਦਾ ਪੱਧਰ 1645 ਫੁੱਟ ਹੈ। ਹੁਣ ਇੱਥੇ 20 ਫੁੱਟ ਹੋਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ।

ਜੇ ਇਸ ਵਿੱਚ ਪਾਣੀ ਛੱਡਿਆ ਗਿਆ ਤਾਂ ਲੁਧਿਆਣਾ ਦੀ ਸਤਲੁਜ ਪੱਟੀ ਅਤੇ ਆਨੰਦਪੁਰ ਸਾਹਿਬ ਅਤੇ ਰੋਪੜ ਸਣੇ ਹੋਰ ਜ਼ਿਲ੍ਹਿਆਂ ਵਿੱਚ ਜਾਨ-ਮਾਲ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਪਟਿਆਲਾ ‘ਚ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਅਲਰਟ ‘ਤੇ ਰਿਹਾ। ਡੀਸੀ ਨੇ ਖੁਦ ਸੜਕਾਂ ‘ਤੇ ਜਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਕੀਤੀ। ਦੇਰ ਰਾਤ ਤਰਨਤਾਰਨ ਦੇ ਹਰੀਕੇ ਹੈੱਡ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ, ਜਿਸ ਤੋਂ ਬਾਅਦ ਕਰੀਬ 30 ਪਿੰਡਾਂ ਵਿੱਚ ਪਾਣੀ ਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਹੁਣ ਕਾਬੂ ਹੇਠ ਹੈ।

ਸ਼ਾਹਕੋਟ ‘ਚ ਦੋ ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟਿਆ, ਜਿਸ ਕਾਰਨ ਆਸਪਾਸ ਦੇ ਪਿੰਡਾਂ ਵਿੱਚ ਪਾਣੀ ਆ ਗਿਆ। NDRF ਦੀਆਂ ਟੀਮਾਂ ਨੇ ਰਾਤ ਨੂੰ ਹੀ ਬਚਾਅ ਕਾਰਜ ਚਲਾਇਆ। ਭਾਖੜਾ ਡੈਮ ਵਿੱਚ 20 ਫੁੱਟ ਤੱਕ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਇਸ ਤੋਂ ਬਾਅਦ ਹੀ ਹੈੱਡ ਖੋਲ੍ਹੇ ਜਾਣਗੇ।

ਦੂਜੇ ਪਾਸੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ 1,390 ਫੁੱਟ ਹੈ ਅਤੇ ਉਥੇ ਪਾਣੀ ਦਾ ਪੱਧਰ 1,350.63 ਫੁੱਟ ਨੂੰ ਪਾਰ ਕਰ ਗਿਆ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1,731.99 ਫੁੱਟ ਹੈ ਅਤੇ ਇਸ ਵਿੱਚ ਪਾਣੀ ਦਾ ਪੱਧਰ 1,706.26 ਫੁੱਟ ਤੱਕ ਪਹੁੰਚ ਗਿਆ ਹੈ। ਆਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਆਉਣ ਵਾਲੇ ਰਸਤੇ ਨੂੰ ਵੀ ਲੋੜ ਪੈਣ ’ਤੇ ਹੀ ਵਰਤਣ ਲਈ ਕਿਹਾ ਗਿਆ। ਇਲਾਕੇ ਦੀਆਂ ਸੜਕਾਂ ‘ਤੇ ਪਾਣੀ ਆ ਗਿਆ ਹੈ।

Exit mobile version