Site icon TV Punjab | Punjabi News Channel

ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾ ਰਹੇ ਪੰਜਾਬ ਦੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲਿਆ, 2 ਦੀ ਮੌਤ, 2 ਜ਼ਖ਼ਮੀ

ਡੈਸਕ- ਜ਼ਿਲ੍ਹਾ ਸਿਰਮੌਰ ਦੀ ਸਬ-ਡਵੀਜ਼ਨ ਪਾਉਂਟਾ ਸਾਹਿਬ ‘ਚ ਹਿਮਾਚਲ-ਹਰਿਆਣਾ ਦੀ ਸਰਹੱਦ ‘ਤੇ ਬਹਿਬਲ ਬੈਰੀਅਰ ਨੇੜੇ ਸ਼ੁੱਕਰਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ‘ਚ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਪੈਦਲ ਜਾ ਰਹੇ ਦੋ ਸ਼ਰਧਾਲੂਆਂ ਦੀ ਟਰੱਕ ਹੇਠਾਂ ਆ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਟਾਂ ਨਾਲ ਲੱਦਿਆ ਇਕ ਟਰੱਕ ਹਾਈਵੇਅ ਕਿਨਾਰੇ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਟਰੱਕ ਦੀ ਲਪੇਟ ‘ਚ ਆਉਣ ਨਾਲ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਸ਼ਰਧਾਲੂਆਂ ਦਾ ਜਥਾ ਪੰਜਾਬ ਦੇ ਗੁਰਦਾਸਪੁਰ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਇਆ ਸੀ। ਹਾਦਸੇ ਵਿੱਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਪੁਲਿਸ ਦੀ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਲਾਲੜਾਂ ਨੇੜੇ ਟਰੱਕ ਦੀ ਬ੍ਰੇਕ ਫੇਲ੍ਹ ਹੋ ਗਈ ਸੀ। ਡਰਾਈਵਰ ਨੇ ਟਰੱਕ ਦੀ ਬ੍ਰੇਕ ਛੱਡ ਦਿੱਤੀ ਤੇ ਪਹਾੜ ਵੱਲ ਮੋੜ ਲਿਆ। ਜੇਕਰ ਅਜਿਹਾ ਨਾ ਕੀਤਾ ਜਾਂਦਾ ਤਾਂ ਇਹ ਟਰੱਕ ਸ਼ਰਧਾਲੂਆਂ ਦੇ ਜਥੇ ‘ਤੇ ਵੀ ਡਿੱਗ ਸਕਦਾ ਸੀ। ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ (49) ਪੁੱਤਰ ਚਰਨ ਸਿੰਘ ਵਾਸੀ ਤਲਵੰਡੀ ਬਰਲਾ, ਤਹਿਸੀਲ ਜੀਤੋ ਸਰਜਾ ਅੰਮ੍ਰਿਤਸਰ ਤੇ ਬਲਬੀਰ ਕੌਰ (55) ਪਤਨੀ ਨਰਿੰਦਰ ਸਿੰਘ ਵਾਸੀ ਗਾਗਰ ਭਾਨਾ ਤਹਿਸੀਲ ਬਾਬਾ ਬਕਾਲਾ ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਸੌਰਭ ਕੁਮਾਰ (26) ਵਾਸੀ ਬਟਾਣਾ, ਜ਼ਿਲ੍ਹਾ ਗੁਰਦਾਸਪੁਰ, ਸ਼ਮਸ਼ੇਰ ਸਿੰਘ (19) ਵਾਸੀ ਪਿੰਡ ਸ਼ਿਕਾਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਪਾਉਂਟਾ ਸਾਹਿਬ ਦੇ ਡੀਐਸਪੀ ਮਾਨਵੇਂਦਰ ਠਾਕੁਰ ਨੇ ਪੁਸ਼ਟੀ ਕੀਤੀ ਕਿ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Exit mobile version