
ਅੰਮ੍ਰਿਤਸਰ : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵੱਡਾ ਐਲਾਨ ਕੀਤਾ। ਉਨ੍ਹਾਂ ਅੰਮ੍ਰਿਤਸਰ ਹਾਦਸੇ ਵਿੱਚ ਅਨਾਥ ਹੋਏ ਬੱਚਿਆਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਨੇ ਆਪਣੀ ਪਤਨੀ ਨਾਲ ਮਿਲ ਕੇ ਲਿਆ ਹੈ। ਸਿੱਧੂ ਨੇ ਐਲਾਨ ਕੀਤਾ ਕਿ ਜਿਹੜੇ ਬੱਚਿਆਂ ਦੇ ਮਾਪੇ ਇਸ ਹਾਦਸੇ ਵਿੱਚ ਮਾਰੇ ਗਏ ਹਨ ਉਨ੍ਹਾਂ ਦੀ ਸਾਰੀ ਪੜ੍ਹਾਈ ਦਾ ਖਰਚਾ ਉਹ ਚੁੱਕਣਗੇ। ਸਿੱਧੂ ਨੇ ਕਿਹਾ ਕਿ ਜਦ ਤੱਕ ਇਹ ਖ਼ੁਦ ਕਮਾ ਕੇ ਆਪਣੇ ਪੈਰਾਂ ਤੇ ਖੜ੍ਹੇ ਨਹੀਂ ਹੋ ਜਾਂਦੇ ਉਦੋਂ ਤੱਕ ਇਨ੍ਹਾਂ ਦੇ ਘਰ ਚੁੱਲ੍ਹਾ ਬਲਦਾ ਰੱਖਣ ਦੀ ਜ਼ਿਮੇਵਾਰੀ ਉਨ੍ਹਾਂ ਦੀ ਹੋਵੇਗੀ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਵੀ ਅੰਮ੍ਰਿਤਸਰ ਨਾ ਛੱਡਣ ਤੇ ਹਮੇਸ਼ਾਂ ਇਥੋਂ ਹੀ ਚੋਣ ਲੜਨ ਦਾ ਵਾਅਦਾ ਕੀਤਾ ਸੀ ਜੋ ਉਹ ਅੱਜ ਤੱਕ ਨਿਭਾ ਰਹੇ ਹਨ। ਹੁਣ ਇਹ ਦੂਜਾ ਵਾਅਦਾ ਹੈ ਤੇ ਇਸੇ ਤਰ੍ਹਾਂ ਹੀ ਇਹ ਵਾਅਦਾ ਵੀ ਨਿਭਾਇਆ ਜਾਵੇਗਾ। ਨਵਜੋਤ ਸਿੱਧੂ ਨੇ ਅੱਜ ਇਕ ਵਾਰ ਫਿਰ ਰੇਲ ਹਾਦਸੇ ਲਈ ਰੇਲਵੇ ਪ੍ਰਸ਼ਾਸਨ ਨੂੰ ਜਿੰਮੇਵਾਰ ਕਰਾਰ ਦਿੱਤਾ। ਸਿੱਧੂ ਨੇ ਸਵਾਲ ਚੁੱਕਿਆ ਕਿ ਜਿਹੜੀ ਡੀ ਐਮ ਯੂ ਗੱਡੀ ਪ੍ਰਤੀ ਘੰਟਾ 30 ਕਿਲੋਮੀਟਰ ਦੀ ਸਪੀਡ ਨਾਲ ਚੱਲਦੀ ਹੈ ਉਹ ਉਸ ਰਾਤ ਪ੍ਰਤੀ ਘੰਟਾ 120 ਕਿਲੋਮੀਟਰ ਦੀ ਰਫ਼ਤਾਰ ਨਾਲ ਕਿਵੇਂ ਦੌੜ ਰਹੀ ਹੈ।
ਹਾਦਸੇ ਦੇ ਪੀੜਤ 21 ਪਰਿਵਾਰਾਂ ਨੂੰ ਅੱਜ ਪੰਜਾਬ ਸਰਕਾਰ ਵਲੋਂ 5-5 ਲੱਖ ਦੇ ਚੈੱਕ ਵੀ ਵੰਡੇ ਗਏ। ਇਸ ਮੌਕੇ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ , ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਰਕਾਰੀਆ ਵੀ ਮੌਜੂਦ ਸਨ।
Short URL:tvp http://bit.ly/2q59oWD