Site icon TV Punjab | Punjabi News Channel

ਓਲੰਪਿਕ ਵਿਚ ਗੋਲਡ ਮੈਡਲ ਲਈ ਦੌੜੇਗਾ ‘ਪਟਿਆਲੇ ਦਾ ਸਿੱਖ ਸਰਦਾਰ ਫੌਜੀ’ ਗੁਰਪ੍ਰੀਤ ਸਿੰਘ

ਪਟਿਆਲਾ: ਪਟਿਆਲੇ ਦੇ ਸਿੱਖ ਸਰਦਾਰ ਖਿਡਾਰੀ ਗੁਰਪ੍ਰੀਤ ਸਿੰਘ ਨੇ ਵਰਲਡ ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕਸ 2021 ਲਈ ਕੁਆਲੀਫਾਈ ਕਰ ਲਿਆ ਹੈ। ਗੁਰਪ੍ਰੀਤ ਨੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਆਰਮੀ ਵਿਚ ਭਰਤੀ ਹੋਣ ਤੋਂ ਬਾਅਦ ਕੀਤੀ। ਪਹਿਲੀ ਸਫ਼ਲਤਾ ਉਨ੍ਹਾਂ ਨੂੰ ਆਰਮੀ ਦੇ ਡਿਵੀਜ਼ਨ ਪੱਧਰ ’ਤੇ ਟੂਰਨਾਮੈਂਟ ਵਿਚ ਹੀ ਮਿਲੀ ਸੀ। ਇਨ੍ਹਾਂ ਖੇਡਾਂ ਵਿਚ ਉਸਨੇ ਨੇ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ 2 ਚਾਂਦੀ ਅਤੇ ਇਕ ਸੋਨੇ ਦਾ ਤਮਗਾ ਜਿੱਤ ਚੁੱਕੇ ਹਨ।

50 ਕਿਲੋਮੀਟਰ ਪੈਦਲ ਚਾਲ ਵਿਚ ਗੁਰਪ੍ਰੀਤ ਦੇ ਹਿੱਸੇ 3 ਘੰਟੇ 50 ਮਿੰਟ ਦਾ ਰਿਕਾਰਡ ਦਰਜ ਹੈ। ਅੰਤਰਰਾਸ਼ਟਰੀ ਪੱਧਰ ’ਤੇ ਗੁਰਪ੍ਰੀਤ ਸਿੰਘ ਦਾ 62ਵਾਂ ਰੈਂਕ ਹੈ। ਗੁਰਪ੍ਰੀਤ ਇਸ ਸਮੇਂ ਆਰਮੀ ਦੀ 14 ਪੰਜਾਬ ਯੂਨਿਟ ਵਿਚ ਬਤੌਰ ਹੌਲਦਾਰ ਪੁਣੇ ਵਿਚ ਸੇਵਾ ਨਿਭਾਅ ਰਹੇ ਹਨ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਉਹ ਓਲੰਪਿਕ ਵਿਚ ਸੋਨ ਤਮਗਾ ਹਾਸਲ ਕਰਕੇ ਦੇਸ਼ ਅਤੇ ਆਪਣਾ ਮਾਪਿਆਂ ਦਾ ਨਾਂ ਪੂਰੀ ਦੁਨੀਆ ਵਿਚ ਰੋਸ਼ਨ ਕਰਨ। ਇਸ ਓਲੰਪਿਕ ਵਿੱਚ ਉਨ੍ਹਾਂ ਨੂੰ ਆਪਣਾ ਸੁਫ਼ਨਾ ਪੂਰਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਗੁਆਉਣਗੇ ਨਹੀਂ ਅਤੇ ਪੂਰੀ ਕੋਸ਼ਿਸ਼ ਕਰਨਗੇ ਕਿ ਉਹ 50 ਕਿਲੋਮੀਟਰ ਪੈਦਲ ਚਾਲ ਵਿਚ ਦੇਸ਼ ਲਈ ਸੋਨੇ ਦਾ ਤਮਗਾ ਜਿੱਤ ਕੇ ਲਿਆਉਣ। ਗੁਰਪ੍ਰੀਤ ਨੇ ਕਿਹਾ ਕਿ ਉਹ ਭਾਰਤੀ ਫ਼ੌਜ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ, ਜਿਨ੍ਹਾਂ ਨੇ ਉਸ ਨੂੰ ਰੋਜ਼ੀ-ਰੋਟੀ ਦਿੱਤੀ ਹੈ ਅਤੇ ਨਾਲ ਹੀ ਖੇਡ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਵੀ ਦਿੱਤਾ ਹੈ।
ਗੁਰਪ੍ਰੀਤ ਦੀ ਚੋਣ ਦੇ ਬਾਅਦ ਤੋਂ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਕੇਂਦਰੀ ਮੰਤਰੀ ਕਿਰਨ ਰੀਜਿਜੂ ਨੇ ਟਵੀਟ ਕਰਕੇ ਉਨ੍ਹਾਂ ਦੀ ਚੋਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

Exit mobile version