ਚੰਡੀਗੜ੍ਹ : ਪੰਜਾਬ ਦੇ ਬਹੁਚਰਚਿਤ ਡਰੱਗ ਕੇਸ ਤੇ ਅੱਜ ਤੋਂ ਹਾਈਕੋਰਟ ‘ਚ ਰੈਗੂਲਰ ਸੁਣਵਾਈ ਹੋਵੇਗੀ। ਹੁਣ ਨਵੀਂ ਬੈਂਚ ਐੱਸ ਟੀ ਐੱਫ ਦੀ ਰਿਪੋਰਟ ਤੇ ਤਕਰੀਰਾਂ ਸੁਣੇਗੀ ।
ਜਸਟਿਸ ਅਜੇ ਤਿਵਾੜੀ ਦੇ ਪਾਸੇ ਹੋਣ ਤੋਂ ਬਾਅਦ ਚੀਫ ਜਸਟਿਸ ਨੇ ਨਵੀਂ ਬੈਂਚ ਕੋਲ ਕੇਸ ਭੇਜਿਆ ਹੈ। ਤੁਹਾਨੂੰ ਦੱਸ ਦਈਏ ਕਿ 1 ਸਤੰਬਰ ਨੂੰ ਜਸਟਿਸ ਅਜੇ ਤਿਵਾੜੀ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਸੀ।
ਐਡਵੋਕੇਟ ਨਵਕਿਰਨ ਸਿੰਘ ਨੇ ਇਸ ਕੇਸ ਦੀ ਜਲਦ ਸੁਣਵਾਈ ਲਈ ਅਰਜ਼ੀ ਦਿੱਤੀ ਸੀ। ਚੀਫ ਜਸਟਿਸ ਨੇ ਹੁਣ ਜਸਟਿਸ ਏਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਬੈਂਚ ਦੇ ਕੋਲ ਇਸ ਕੇਸ ਨੂੰ ਸੁਣਵਾਈ ਲਈ ਭੇਜਿਆ ਹੈ, ਜਿਸ ਤੇ ਬੈਂਚ ਅੱਜ ਸੁਣਵਾਈ ਕਰੇਗਾ।
ਐੱਸ ਟੀ ਐੱਫ ਰਿਪੋਰਟ ਤੇ ਹੋਣ ਵਾਲੀ ਸੁਣਵਾਈ ਨੂੰ ਲੈਕੇ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਐੱਸ ਟੀ ਐੱਫ ਦੀ ਰਿਪੋਰਟ ਢਾਈ ਸਾਲਾਂ ਦੀ ਦੇਰੀ ਤੋਂ ਬਾਅਦ ਬੰਦ ਪਈਆਂ ਫਾਈਲਾਂ ਚੋਂ ਬਾਹਰ ਨਿਕਲੇਗੀ।
ਅਦਾਲਤ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਮੁੱਖ ਮੁਲਜ਼ਮਾਂ ਦੇ ਨਾਂਅ ਦੱਸੇ ਜਾਣਗੇ, ਜੋਕਿ ਪੰਜਾਬ ਦੇ ਨੌਜਵਾਨਾਂ ਅਤੇ ਮਾਂਵਾਂ ਦੀ ਪਹਿਲੀ ਜਿੱਤ ਹੋਵੇਗੀ। ਉਮੀਦ ਹੈ ਕਿ ਮੁਲਜ਼ਮਾਂ ਨੂੰ ਅਜਿਹੀ ਸਜ਼ਾ ਮਿਲੇਗੀ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ।
ਟੀਵੀ ਪੰਜਾਬ ਬਿਊਰੋ