ਨਵੀਂ ਦਿੱਲੀ : ਦੇਸ਼ ਵਿਚ ਹੁਣ ਪਰਾਲੀ ਸਾੜਨਾ ਅਪਰਾਧ ਦੀ ਸ਼੍ਰੇਣੀ ‘ਚ ਨਹੀਂ ਆਵੇਗਾ। ਇਹ ਐਲਾਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ਨਿਚਰਵਾਰ ਨੂੰ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਦੀ ਪ੍ਰਮੁੱਖ ਮੰਗ ਸੀ ਕਿ ਪਰਾਲੀ ਸਾੜਨ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਜਾਵੇ, ਇਸ ਲਈ ਕਿਸਾਨਾਂ ਦੀ ਇਹ ਮੰਗ ਕੇਂਦਰ ਸਰਕਾਰ ਨੇ ਮੰਨ ਲਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਹੁਣ ਕਿਸਾਨ ਅੰਦੋਲਨ ਦਾ ਕੋਈ ਮਤਲਬ ਨਹੀਂ ਹੈ। ਕਿਸਾਨਾਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਐਲਾਨ ਦਾ ਸਨਮਾਨ ਕਰਦੇ ਹੋਏ ਘਰਾਂ ਨੂੰ ਮੁੜ ਜਾਣਾ ਚਾਹੀਦਾ ਹੈ।
ਕੇਜਰੀਵਾਲ ਵੱਲੋਂ ਉਡਾਣਾਂ ਬੰਦ ਕਰਨ ਦੀ ਅਪੀਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇਸ਼ਾਂ ਤੋਂ ਉਡਾਣਾਂ ਬੰਦ ਕਰਨ ਦੀ ਅਪੀਲ ਕਰਦਾ ਹਾਂ ਜੋ ਨਵੇਂ ਰੂਪ ਕੋਰੋਨਾ ਤੋਂ ਪ੍ਰਭਾਵਿਤ ਹਨ।
ਬੜੀ ਮੁਸ਼ਕਲ ਨਾਲ ਸਾਡਾ ਦੇਸ਼ ਕੋਰੋਨਾ ਤੋਂ ਉੱਭਰਿਆ ਹੈ। ਸਾਨੂੰ ਇਸ ਨਵੇਂ ਰੂਪ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪੰਜ-ਸਿਤਾਰਾ ਹੋਟਲ ਦੇ ਕਮਰੇ ‘ਚੋਂ 2 ਕਰੋੜ ਦੇ ਗਹਿਣੇ ਚੋਰੀ
ਜੈਪੁਰ : ਇਥੇ ਵਿਆਹ ਵਿੱਚ ਸ਼ਾਮਲ ਹੋਣ ਆਏ ਪਰਿਵਾਰ ਦੇ ਉਦੋਂ ਹੋਸ਼ ਉੱਡ ਗਏ ਜਦੋਂ ਅਣਪਛਾਤਿਆਂ ਨੇ ਇੱਥੇ ਪੰਜ-ਸਿਤਾਰਾ ਹੋਟਲ ਦੇ ਕਮਰੇ ਵਿੱਚੋਂ ਉਸ ਦੇ 2 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ।
ਜਵਾਹਰ ਸਰਕਲ ਦੇ ਐੱਸਐੱਚਓ ਰਾਧਰਮਨ ਗੁਪਤਾ ਨੇ ਦੱਸਿਆ ਕਿ ਭਾਟੀਆ ਅਤੇ ਉਸ ਦੇ ਪਰਿਵਾਰਕ ਮੈਂਬਰ ਸੱਤਵੀਂ ਮੰਜ਼ਿਲ ‘ਤੇ ਰਹਿ ਰਹੇ ਸਨ ਅਤੇ ਹੋਟਲ ਦੇ ਲਾਅਨ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਦੇ ਕਮਰੇ ਵਿੱਚੋਂ 2 ਕਰੋੜ ਰੁਪਏ ਦੇ ਹੀਰਿਆਂ ਦੇ ਗਹਿਣੇ ਅਤੇ 95,000 ਰੁਪਏ ਦੀ ਨਕਦੀ ਚੋਰੀ ਹੋ ਗਈ।
ਬੰਗਲੌਰ ਤੋਂ ਪਟਨਾ ਜਾ ਰਹੀ ਉਡਾਣ ਦੀ ਐਮਰਜੈਂਸੀ ਲੈਂਡਿੰਗ
ਨਾਗਪੁਰ : ਬੰਗਲੌਰ ਤੋਂ ਪਟਨਾ ਜਾ ਰਹੀ ਗੋਏਅਰ ਦੀ ਉਡਾਣ ਦੇ ਇੰਜਣ ਵਿੱਚ ਖਰਾਬੀ ਕਾਰਨ ਅੱਜ ਜਹਾਜ਼ ਦੀ ਨਾਗਪੁਰ ਹਵਾਈ ਅੱਡੇ ‘ਤੇ ਐਮਰਜੰਸੀ ਲੈਂਡਿੰਗ ਕੀਤੀ ਗਈ।
ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ਦੇ ਡਾਇਰੈਕਟਰ ਆਬਿਦ ਰੂਹੀ ਨੇ ਦੱਸਿਆ ਕਿ ਗੋਏਅਰ ਦੀ ਉਡਾਣ ਦੇ ਪਾਇਲਟ ਨੇ ਨਾਗਪੁਰ ਏਟੀਸੀ ਨਾਲ ਸੰਪਰਕ ਕਰਕੇ ਦੱਸਿਆ ਕਿ ਜਹਾਜ਼ ਦੇ ਇੰਜਣ ਵਿਚ ਖਰਾਬੀ ਆ ਗਈ ਹੈ ਤੇ ਉਸ ਨੇ ਨਾਗਪੁਰ ਹਵਾਈ ਅੱਡੇ ‘ਤੇ ਐਮਰਜੰਸੀ ਵਿੱਚ ਉਤਰਨ ਦੀ ਬੇਨਤੀ ਕੀਤੀ।
ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ 139 ਯਾਤਰੀ ਸਨ।
‘ਡਿਪਰੈਸ਼ਨ’ ਦੇ ਮਰੀਜ਼ ਵੱਲੋਂ ਪੰਜ ਵਿਅਕਤੀਆਂ ਦੀ ਹੱਤਿਆ
ਅਗਰਤਲਾ : ਤ੍ਰਿਪੁਰਾ ਦੇ ਖੋਵਾਈ ਜ਼ਿਲ੍ਹੇ ਵਿਚ ਅੱਜ ‘ਡਿਪਰੈਸ਼ਨ’ ਦੇ ਮਰੀਜ਼ ਨੇ ਲੋਹੇ ਦੀ ਰਾਡ ਨਾਲ ਪੁਲੀਸ ਇੰਸਪੈਕਟਰ ਸਮੇਤ ਪੰਜ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਇਸ ਹਮਲੇ ‘ਚ ਦੋ ਗੰਭੀਰ ਜ਼ਖਮੀ ਹੋ ਗਏ।
ਏਐਸਪੀ ਰਾਜੀਵ ਸੇਨਗੁਪਤਾ ਨੇ ਦੱਸਿਆ ਕਿ ਪ੍ਰਦੀਪ ਦੇਬਰਾਏ ਨੇ ਸ਼ੇਰਾਤਲੀ ਪਿੰਡ ਵਿੱਚ ਆਪਣੇ ਘਰ ਵਿੱਚ ਅਚਾਨਕ ਆਪਣੀਆਂ ਦੋ ਨਾਬਾਲਗ ਧੀਆਂ ਅਤੇ ਛੋਟੇ ਭਰਾ ‘ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਤਨੀ ਨੂੰ ਜ਼ਖਮੀ ਹਾਲਤ ‘ਚ ਖੋਵਾਈ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਦੇਬਰਾਏ ਨੇ ਸੜਕ ‘ਤੇ ਆਟੋਰਿਕਸ਼ਾ ਚਾਲਕ ਨੂੰ ਰੋਕ ਕੇ ਉਸ ਦੀ ਹੱਤਿਆ ਕਰ ਦਿੱਤੀ।
ਟੀਵੀ ਪੰਜਾਬ ਬਿਊਰੋ