Site icon TV Punjab | Punjabi News Channel

ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਨਹੀਂ ਲੜਣਗੇ ਲੋਕ ਸਭਾ ਦੀਆਂ ਚੋਣਾਂ

ਡੈਸਕ- ਅਗਾਮੀ ਲੋਕ ਸਭਾ ਚੋਣਾਂ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀ ਰਣਨੀਤੀ ਉਲੀਕੀ ਜਾ ਰਹੀ ਹੈ। ਜਿੱਥੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਤਾਂ ਉੱਥੇ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੀਆਂ ਸਰਗਰਮੀ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸ਼ਾਂਸਦ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਲੜਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਪਾਰਟੀ ਲੀਡਰਾਂ ਨਾਲ ਉੱਚ ਪੱਧਰੀ ਬੈਠਕ ਕਰਨ ਤੋਂ ਬਾਅਦ ਇਹ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ‘ਚ ਪਾਰਟੀ ਤੋਂ ਨਰਾਜ਼ ਹੋ ਕੇ ਬਾਹਰ ਗਏ ਕੁੱਝ ਲੀਡਰਾਂ ਵੱਲੋਂ ਹੁਣ ਘਰ ਵਾਪਸੀ ਵੀ ਕੀਤੀ ਗਈ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ‘ਚ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜੇ ਅਤੇ ਜਿੱਤੇ ਸਨ। ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੱਤ ਗੇੜਾਂ ਵਾਲੀਆਂ ਆਮ ਚੋਣਾਂ ਦੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਲੋਕ ਸਭਾ ਚੋਣਾਂ ਇਕੱਲਿਆਂ ਲੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ 2020 ਵਿਚ ਹੋਏ ਕਿਸਾਨਾਂ ਦੇ ਅੰਦੋਲਨ ਦੌਰਾਨ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਸੀ।

Exit mobile version