ਸਿੱਖ ਮੋਟਰਸਾਈਕਲ ਕਲੱਬ ਵੱਲੋਂ ਆਉਣ ਵਾਲੀ ਪੀੜ੍ਹੀ ਨੂੰ ਦਸਤਾਰ ਨਾਲ ਜੋੜਨ ਦਾ ਉਪਰਾਲਾ
Jasvir Hussain, ਟੀਵੀ ਪੰਜਾਬ
Surrey: ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਖ਼ਾਲਸਾ ਕ੍ਰੈਡਿਟ ਯੂਨੀਅਨ ਦੇ ਸਹਿਯੋਗ ਨਾਲ ਸਾਲਾਨਾ ਦਸਤਾਰਬੰਦੀ (ਪੱਗ ਬੰਨ੍ਹਣ) ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਉਮਰ ਵਰਗ ਦੇ 250 ਤੋਂ ਵੱਧ ਭਾਗੀਦਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ — ਏਨੀ ਵੱਧ ਗਿਣਤੀ ਕਿ ਪ੍ਰਬੰਧਕਾਂ ਨੂੰ ਰਜਿਸਟ੍ਰੇਸ਼ਨ ਸਮੇਂ ਤੋਂ ਪਹਿਲਾਂ ਹੀ ਬੰਦ ਕਰਨੀ ਪਈ। ਟੀਵੀ ਪੰਜਾਬ ਨਾਲ ਗੱਲਬਾਤ ਵਿੱਚ ਸਮਾਗਮ ਦੇ ਪ੍ਰਬੰਧਕ ਅਮਨਦੀਪ ਸਿੰਘ ਗਰਚਾ ਅਤੇ ਆਜ਼ਾਦ ਸਿੱਧੂ ਨੇ ਦੱਸਿਆ ਕਿ ਇਹ ਮੁਕਾਬਲਾ ਸਿੱਖ ਮੋਟਰਸਾਈਕਲ ਕਲੱਬ ਦੀ ਉਸ ਲੰਬੀ ਵਿਰਾਸਤ ਦਾ ਹਿੱਸਾ ਹੈ, ਜੋ 27 ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਕਾਨੂੰਨੀ ਇਜਾਜ਼ਤ ਹਾਸਲ ਕਰਨ ਦੀ ਲੜਾਈ ਨਾਲ ਸ਼ੁਰੂ ਹੋਈ ਸੀ। ਉਹਨਾਂ ਦੱਸਿਆ ਕਿ ਇਸ ਪਹਿਲ ਦਾ ਮਕਸਦ ਕੈਨੇਡਾ ਵਿੱਚ ਵੱਡੀ ਹੋ ਰਹੀ ਪੀੜ੍ਹੀ ਨੂੰ ਸਿੱਖ ਪਛਾਣ — ਦਸਤਾਰ ਅਤੇ ਬਾਣੀ — ਨਾਲ ਜੋੜੀ ਰੱਖਣਾ ਹੈ, ਖ਼ਾਸ ਕਰਕੇ ਉਹਨਾਂ ਪਰਿਵਾਰਾਂ ਲਈ ਜਿੱਥੇ ਇਹ ਰਵਾਇਤ ਪੀੜ੍ਹੀ-ਦਰ-ਪੀੜ੍ਹੀ ਕੁਦਰਤੀ ਤੌਰ ‘ਤੇ ਅੱਗੇ ਨਹੀਂ ਵਧ ਰਹੀ। ਪ੍ਰਬੰਧਕਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਲੱਬ ਦੀਆਂ ਸਰਗਰਮੀਆਂ ਇਕੱਲੇ ਮੁਕਾਬਲਿਆਂ ਤੱਕ ਸੀਮਤ ਨਹੀਂ — ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖ਼ਾਲਸਾ ਏਡ ਦੇ ਸਹਿਯੋਗ ਨਾਲ ਕੀਤੀ ਗਈ ਕੌਮਾਂਤਰੀ ਮੋਟਰਸਾਈਕਲ ਯਾਤਰਾ ਅਤੇ ਟੋਰਾਂਟੋ ਵਿੱਚ ਰੈੱਡ ਕ੍ਰਾਸ ਲਈ ਫੰਡ-ਰੇਜ਼ਿੰਗ ਰਾਈਡ ਵਰਗੇ ਭਾਈਚਾਰਕ ਸੇਵਾ ਕਾਰਜ ਵੀ ਸ਼ਾਮਲ ਹਨ। ਹੇਠਾਂ ਪੂਰੀ ਗੱਲਬਾਤ ਪੇਸ਼ ਹੈ।
ਦਸਤਾਰ: ਵਿਰਾਸਤ ਵਿੱਚੋਂ ਮਿਲੀ ਪਛਾਣ, ਨਵੀਂ ਧਰਤੀ ‘ਤੇ ਨਵੀਂ ਚੁਣੌਤੀ
ਸਿਰ ‘ਤੇ ਪਗੜੀ — ਇਹ ਸਿੱਖ ਕੌਮ ਅਤੇ ਸਿੱਖ ਇਤਿਹਾਸ ਵਿੱਚ ਆਪਣਾ ਖ਼ਾਸ ਥਾਂ ਰੱਖਦੀ ਹੈ। ਵਿਦੇਸ਼ੀ ਧਰਤੀ ‘ਤੇ ਇਸੇ “ਸਰਦਾਰੀ” ਨੂੰ ਕਾਇਮ ਰੱਖਣ, ਨਿਖਾਰਨ ਅਤੇ ਅੱਗੇ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ। ਇਸੇ ਲੜੀ ਵਿੱਚ ਸਰੀ ਵਿੱਚ ਹਰ ਸਾਲ ਦਸਤਾਰਬੰਦੀ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ। ਇਸ ਸਾਲ ਦੇ ਮੁਕਾਬਲੇ ਬਾਰੇ ਗੱਲ ਕਰਨ ਲਈ ਟੀਵੀ ਪੰਜਾਬ ਨਾਲ ਜੁੜੇ ਇਸ ਸਮਾਗਮ ਦੇ ਪ੍ਰਬੰਧਕ ਅਮਨਦੀਪ ਸਿੰਘ ਗਰਚਾ।
ਸਵਾਲ: ਆਮ ਤੌਰ ‘ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਦਸਤਾਰ ਬੰਨ੍ਹਣ ਦੀ ਜਾਚ ਜੀਨ (genes) ਵਿੱਚ ਹੁੰਦੀ ਹੈ ਜਾਂ ਦੇਖਾ-ਦੇਖੀ, ਪਰਵਰਿਸ਼ ਦੇ ਦੌਰਾਨ ਆਉਂਦੀ ਹੈ — ਬੱਚਾ ਪੈਦਾ ਹੋਣ ਤੋਂ ਬਾਅਦ ਆਪਣੇ ਪਿਤਾ ਨੂੰ ਪੱਗ ਬੰਨ੍ਹਦਿਆਂ ਅਤੇ ਮਾਂ ਨੂੰ ਕੇਸਕੀ ਸਜਾਉਂਦਿਆਂ ਦੇਖ ਕੇ ਇਹ ਗੱਲਾਂ ਆਪਣੇ ਆਪ ਯਾਦ ਹੋ ਜਾਂਦੀਆਂ ਹਨ। ਤਾਂ ਫਿਰ ਦਸਤਾਰਬੰਦੀ ਦੇ ਮੁਕਾਬਲੇ ਆਯੋਜਿਤ ਕਰਨ ਦਾ ਇਸ ਕੁਦਰਤੀ ਪ੍ਰਕਿਰਿਆ ਨਾਲ ਕੀ ਸਬੰਧ ਹੈ? ਕੀ ਇਹ ਦਸਤਾਰਬੰਦੀ ਨੂੰ ਇੱਕ ਤਰ੍ਹਾਂ ਦਾ ਉਤਸਵ ਬਣਾਉਣ ਦੀ ਕੋਸ਼ਿਸ਼ ਹੈ?
ਅਮਨਦੀਪ ਸਿੰਘ ਗਰਚਾ: ਸਭ ਤੋਂ ਪਹਿਲਾਂ ਮੈਂ ਪੰਜਾਬ ਟੀਵੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਆਪਣੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਿੱਖ ਮੋਟਰਸਾਈਕਲ ਕਲੱਬ ਦੇ ਦਸਤਾਰ-ਦੁਮਾਲਾ ਮੁਕਾਬਲੇ ਦੀ ਕਵਰੇਜ ਲਈ ਆਏ।
ਹੁਣ ਗੱਲ ਕਰੀਏ ਸਿੱਖ ਮੋਟਰਸਾਈਕਲ ਕਲੱਬ ਦੀ — 27 ਸਾਲ ਦੀ ਲੜਾਈ ਤੋਂ ਬਾਅਦ, ਸਰਦਾਰ ਅਵਤਾਰ ਸਿੰਘ ਢਿੱਲੋਂ ਦੀ ਜੱਦੋ-ਜਹਿਦ ਅਤੇ ਸਰਕਾਰ ਤੇ ਹਿਊਮਨ ਰਾਈਟਸ ਦੇ ਸਹਿਯੋਗ ਨਾਲ ਸਾਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਦਸਤਾਰ ਦੇ ਨਾਲ ਮੋਟਰਸਾਈਕਲ ਚਲਾਉਣ ਦੀ ਪਰਮਿਸ਼ਨ ਮਿਲੀ। ਉਸ ਤੋਂ ਬਾਅਦ ਹੌਲੀ-ਹੌਲੀ ਹੋਰ ਸੂਬੇ ਵੀ ਇਸ ਵਿੱਚ ਸ਼ਾਮਲ ਹੁੰਦੇ ਗਏ, ਅਤੇ ਅੱਜ ਸਿਰਫ਼ ਸਸਕੈਚਵਨ ਹੀ ਅਜਿਹਾ ਸੂਬਾ ਬਚਿਆ ਹੈ ਜਿੱਥੇ ਸਾਨੂੰ ਪੱਕੀ ਕਾਨੂੰਨੀ ਇਜਾਜ਼ਤ ਨਹੀਂ, ਹਾਲਾਂਕਿ ਸਮੇਂ-ਸਮੇਂ ‘ਤੇ ਅਸਥਾਈ ਪਰਮਿਸ਼ਨ ਮਿਲਦੀ ਰਹਿੰਦੀ ਹੈ। ਬੀ.ਸੀ., ਓਂਟਾਰੀਓ ਅਤੇ ਮੈਨੀਟੋਬਾ ਸਮੇਤ ਬਾਕੀ ਸਾਰੇ ਸੂਬਿਆਂ ਵਿੱਚ ਇਹ ਪਰਮਿਸ਼ਨ ਮੌਜੂਦ ਹੈ। ਸਿੱਖ ਮੋਟਰਸਾਈਕਲ ਕਲੱਬ ਦਾ ਇੱਕੋ ਮੋਟੋ ਰਿਹਾ ਹੈ — ਦਸਤਾਰ ਨੂੰ ਪਹਿਲ, ਅਤੇ ਹਰ ਘਰ ਵਿੱਚ ਬਾਣਾ ਤੇ ਬਾਣੀ ਦਾ ਗੁਰੂ ਸਾਹਿਬ ਦਾ ਦਿੱਤਾ ਸਲੋਗਨ ਅੱਗੇ ਲੈ ਕੇ ਚੱਲਣਾ।
ਸਿੱਖ ਮੋਟਰਸਾਈਕਲ ਕਲੱਬ ਸਿਰਫ਼ ਦਸਤਾਰ-ਦੁਮਾਲਾ ਮੁਕਾਬਲਾ ਹੀ ਨਹੀਂ ਕਰਾਉਂਦਾ। ਜੇ ਮੈਂ ਗੱਲ ਕਰਾਂ ਤਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਸੀਂ ਇੱਕ ਵੱਡਾ ਪ੍ਰੋਗਰਾਮ ਬਣਾਇਆ ਸੀ, ਜਿਸ ਵਿੱਚ ਖ਼ਾਲਸਾ ਏਡ ਦੇ ਸਹਿਯੋਗ ਨਾਲ ਇੱਥੋਂ ਛੇ ਮੋਟਰਸਾਈਕਲਿਸਟਾਂ ਨੇ ਯਾਤਰਾ ਸ਼ੁਰੂ ਕੀਤੀ, ਜੋ ਇੰਗਲੈਂਡ ਹੁੰਦੇ ਹੋਏ, ਸੜਕ ਰਾਹੀਂ ਅਫ਼ਗਾਨਿਸਤਾਨ ਤੇ ਈਰਾਨ ਤੋਂ ਲੰਘ ਕੇ, ਪਾਕਿਸਤਾਨ ਦੇ ਵਾਹਗਾ ਬਾਰਡਰ ਤੋਂ ਪੰਜਾਬ ਵਿੱਚ ਦਾਖ਼ਲ ਹੋਈ। ਇਹ ਇਸ ਤਰ੍ਹਾਂ ਦੀ ਪਹਿਲੀ ਯਾਤਰਾ ਸੀ, ਜਿਸ ਦਾ ਮਕਸਦ ਸੀ ਕਿ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਦਸਤਾਰ ਸਜਾ ਕੇ ਸਾਰੀ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਸੁਨੇਹਾ ਦੇ ਸਕਣ, ਠੀਕ ਉਸੇ ਤਰ੍ਹਾਂ ਜਿਵੇਂ ਗੁਰੂ ਸਾਹਿਬ ਨੇ ਖ਼ੁਦ ਸੰਸਾਰ ਯਾਤਰਾਵਾਂ ਕੀਤੀਆਂ ਸਨ। ਇਸੇ ਤਰ੍ਹਾਂ ਟੋਰਾਂਟੋ ਵਿੱਚ ਵੀ ਇੱਕ ਰਾਈਡ ਕੀਤੀ ਗਈ, ਜਿਸ ਰਾਹੀਂ ਰੈੱਡ ਕ੍ਰਾਸ ਨੂੰ ਸਵਾ ਲੱਖ ਡਾਲਰ ਦੇ ਨੇੜੇ-ਤੇੜੇ ਫੰਡ ਇਕੱਠੇ ਕਰਕੇ ਦਿੱਤੇ ਗਏ — ਇਹ ਫੰਡ ਉਹਨਾਂ ਬੱਚਿਆਂ ਲਈ ਸਨ ਜਿਨ੍ਹਾਂ ਦੀ ਗੰਭੀਰ ਬਿਮਾਰੀ ਦੇ ਕਾਰਨ ਸੀਮਤ ਜ਼ਿੰਦਗੀ ਬਚੀ ਹੋਵੇ, ਤਾਂ ਜੋ ਉਹਨਾਂ ਦੀ ਆਖ਼ਰੀ ਇੱਛਾ (ਜਿਵੇਂ ਡਿਜ਼ਨੀਲੈਂਡ ਜਾਣਾ) ਪੂਰੀ ਕੀਤੀ ਜਾ ਸਕੇ।
ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਦਾ ਕੰਮ ਇਕੱਲੀ ਮੋਟਰਸਾਈਕਲ ਚਲਾਉਣ ਤੱਕ ਸੀਮਤ ਨਹੀਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਮਿਊਨਿਟੀ ਨੂੰ ਕੁਝ ਵਾਪਸ ਦੇ ਸਕੀਏ, ਮੇਨਸਟ੍ਰੀਮ ਸਮਾਜ ਨੂੰ ਦੱਸ ਸਕੀਏ ਕਿ ਸਿੱਖ ਮੋਟਰਸਾਈਕਲ ਕਲੱਬ ਇਕੱਲੀ ਸਵਾਰੀ ਨਹੀਂ ਕਰਦਾ, ਸਗੋਂ ਇਹੋ ਜਿਹੇ ਕੰਮ ਵੀ ਕਰਦਾ ਹੈ। ਨਾਲ ਹੀ ਅਸੀਂ ਘਰਾਂ ਵਿੱਚ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਬਾਹਰਲੇ ਮੁਲਕ ਵਿੱਚ ਆ ਕੇ ਜੇ ਕਿਸੇ ਕਾਰਨ ਦਸਤਾਰ-ਦੁਮਾਲਾ ਅਜੇ ਘਰ ਤੱਕ ਨਹੀਂ ਪਹੁੰਚੇ, ਤਾਂ ਸਿੱਖ ਮੋਟਰਸਾਈਕਲ ਕਲੱਬ ਟਰਬਨ ਵਿਲਸ ਦੇ ਨਾਲ ਰਲ ਕੇ, ਲਿਟਲ ਇੰਡੀਆ ਪਲਾਜ਼ੇ ਵਿੱਚ ਕੈਂਪ ਲਾ ਕੇ ਬੱਚਿਆਂ ਨੂੰ ਦਸਤਾਰ-ਦੁਮਾਲਾ ਸਿਖਾਉਂਦਾ ਹੈ, ਤਾਂ ਜੋ ਆਉਣ ਵਾਲੀ ਪਨੀਰੀ ਨੂੰ ਬਾਣੇ ਤੇ ਬਾਣੀ ਨਾਲ ਜੋੜਿਆ ਜਾ ਸਕੇ।
ਇਸ ਮੁਕਾਬਲੇ ਦੇ ਪਿੱਛੇ ਇੱਕ ਹੋਰ ਪਹਿਲੂ ਵੀ ਹੈ — ਖ਼ਾਲਸਾ ਕ੍ਰੈਡਿਟ ਯੂਨੀਅਨ ਦੇ ਸਹਿਯੋਗ ਨਾਲ ਹਾਈ-ਟੈਕ ਗਿਫ਼ਟ (ਫੋਨ, ਏਅਰਪੌਡ, ਆਈਪੈਡ, ਆਈਮੈਕ, 17 ਪ੍ਰੋ ਆਦਿ) ਪਹਿਲੇ, ਦੂਜੇ ਤੇ ਤੀਜੇ ਸਥਾਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ, ਜਿਸ ਨਾਲ ਚੌਥੇ-ਪੰਜਵੇਂ-ਛੇਵੇਂ ਸਥਾਨ ‘ਤੇ ਰਹਿ ਗਏ ਬੱਚੇ ਅਗਲੇ ਸਾਲ ਹੋਰ ਅਭਿਆਸ ਕਰਕੇ ਦੁਬਾਰਾ ਭਾਗ ਲੈਣ ਲਈ ਪ੍ਰੇਰਿਤ ਹੁੰਦੇ ਹਨ, ਅਤੇ ਆਪਣੇ ਗੁਆਂਢੀ ਦੋਸਤਾਂ ਨੂੰ ਵੀ ਨਾਲ ਲੈ ਆਉਂਦੇ ਹਨ। ਸਿੱਖ ਮੋਟਰਸਾਈਕਲ ਕਲੱਬ ਦੀ ਇਹੀ ਵੋਲੰਟੀਅਰ ਕੋਸ਼ਿਸ਼ ਰਹੀ ਹੈ ਕਿ ਇਸ ਪ੍ਰੋਗਰਾਮ ਨੂੰ ਇਸ ਪੱਧਰ ‘ਤੇ ਲੈ ਜਾਈਏ ਕਿ ਬੱਚੇ ਹਰ ਸਾਲ ਇਹੋ ਜਿਹੇ ਪ੍ਰੋਗਰਾਮ ਦੀ ਉਡੀਕ ਕਰਨ, ਅਤੇ ਦਸਤਾਰ ਦੀ ਪ੍ਰਮੋਸ਼ਨ ਘਰ-ਘਰ ਤੱਕ ਪਹੁੰਚ ਸਕੇ।
“ਭੀੜ ਵਿੱਚ ਪਛਾਣ” — ਦਸਤਾਰ ਮੁਕਾਬਲੇ ਕਿਵੇਂ ਸ਼ੁਰੂ ਹੋਏ
ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦੀ ਧਰਤੀ ‘ਤੇ ਹਰ ਨਗਰ ਕੀਰਤਨ ਵਿੱਚ ਸੇਵਾ ਦੇ ਮੋਹਰੇ ਨਜ਼ਰ ਆਉਂਦਾ ਹੈ, ਅਤੇ ਦਸਤਾਰ ਮੁਕਾਬਲਿਆਂ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਬਾਰੇ ਟੀਵੀ ਪੰਜਾਬ ਨਾਲ ਗੱਲ ਕੀਤੀ ਆਜ਼ਾਦ ਸਿੱਧੂ ਨੇ।
ਸਵਾਲ: ਸਿੱਖ ਦੀ ਪਛਾਣ ਹੀ ਦਸਤਾਰ ਹੈ — ਭੀੜ ਵਿੱਚ ਜੇ ਕੋਈ ਪਛਾਣਿਆ ਜਾਂਦਾ ਹੈ ਤਾਂ ਭਾਵੇਂ ਭਾਸ਼ਾ ਤੋਂ, ਭਾਵੇਂ ਚਿਹਰੇ-ਮੋਹਰੇ ਤੋਂ, ਪਰ ਪਗੜੀ ਬੰਨ੍ਹੀ ਹੋਵੇ ਤਾਂ ਤੁਰੰਤ ਪਤਾ ਲੱਗ ਜਾਂਦਾ ਹੈ ਕਿ ਭੀੜ ਵਿੱਚ ਖੜ੍ਹਾ ਬੰਦਾ ਪੰਜਾਬੀ ਸਿੱਖ ਹੈ। ਇਹ ਦਸਤਾਰ ਮੁਕਾਬਲੇ ਕੈਨੇਡਾ ਦੀ ਧਰਤੀ ‘ਤੇ ਲਗਾਤਾਰ ਤੁਹਾਡੇ ਵੱਲੋਂ ਆਯੋਜਿਤ ਕੀਤੇ ਜਾ ਰਹੇ ਹਨ — ਇਹ ਖ਼ਿਆਲ ਕਿੱਥੋਂ ਆਇਆ ਕਿ ਇਸ ਦੀ ਲੋੜ ਹੈ? ਕੀ ਇਹ ਇੱਕ ਈਵੈਂਟ ਦੇ ਤੌਰ ‘ਤੇ ਸੈਲੀਬ੍ਰੇਟ ਕਰਨ ਦੀ ਸੋਚ ਸੀ?
ਆਜ਼ਾਦ ਸਿੱਧੂ: ਪਹਿਲਾਂ ਤਾਂ ਤੁਹਾਡਾ ਧੰਨਵਾਦ ਇੱਥੇ ਪਹੁੰਚਣ ਲਈ ਅਤੇ ਇਹ ਸੁਨੇਹਾ ਅੱਗੇ ਪਹੁੰਚਾਉਣ ਲਈ। ਇਸ ਦੇ ਪਿੱਛੇ ਕੋਈ ਬਹੁਤ ਗੁੰਝਲਦਾਰ ਸੋਚ ਨਹੀਂ — ਅਸੀਂ ਆਪਣੀਆਂ ਜੜ੍ਹਾਂ ਪੁੱਟ ਕੇ ਇੱਥੇ ਨਵੇਂ ਮੁਲਕ ਆਏ ਹਾਂ। ਇੱਥੇ ਸਥਾਪਿਤ ਹੋਣ ਲਈ, ਆਪਣੀ ਪਛਾਣ ਬਣਾਉਣ ਲਈ, ਸਾਡੇ ਤੋਂ ਪਹਿਲਾਂ ਆਏ ਪਾਇਨੀਅਰਾਂ ਨੇ ਸੌ ਸਾਲ ਪਹਿਲਾਂ ਬੜੀਆਂ ਮੁਸ਼ਕਿਲਾਂ ਝੱਲੀਆਂ ਸਨ। ਸਾਡੀ ਜਨਰੇਸ਼ਨ ਜਿਨ੍ਹਾਂ ਹਾਲਾਤਾਂ ਵਿੱਚ ਇੱਥੇ ਆਈ, ਉਦੋਂ ਵੀ ਥੋੜ੍ਹੀ ਵੱਧ ਮਿਹਨਤ-ਮਸ਼ੱਕਤ ਕਰਨੀ ਪੈਂਦੀ ਸੀ, ਪਰ ਹੁਣ ਥੋੜ੍ਹਾ ਸੌਖਾ ਹੋ ਗਿਆ ਹੈ — ਅਤੇ ਇਹ ਸੌਖ ਹੀ ਇੱਕ ਕਾਰਨ ਬਣ ਜਾਂਦੀ ਹੈ ਕਿ ਜਿਹੜੀ ਚੀਜ਼ ਸੌਖੀ ਮਿਲ ਜਾਵੇ, ਉਸ ਦੀ ਅਹਿਮੀਅਤ ਘੱਟ ਜਾਂਦੀ ਹੈ।
ਸਿੱਖ ਮੋਟਰਸਾਈਕਲ ਕਲੱਬ ਹੋਂਦ ਵਿੱਚ ਇਸ ਲਈ ਆਇਆ ਕਿਉਂਕਿ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦੀ ਲੜਾਈ ਲੜੀ ਗਈ — ਇਹ ਆਪਣੇ ਆਪ ਵਿੱਚ ਲੰਬੀ ਕਹਾਣੀ ਹੈ। ਪਰ ਨਾਲ ਹੀ ਇਹ ਗੱਲ ਵੀ ਸਾਹਮਣੇ ਆਉਂਦੀ ਸੀ ਕਿ ਇੱਥੇ ਪੈਦਾ ਹੋ ਰਹੇ ਬੱਚਿਆਂ ਨੂੰ ਹੁਣ ਉਸ ਮਾਹੌਲ ਵਿੱਚੋਂ ਨਹੀਂ ਲੰਘਣਾ ਪੈਂਦਾ ਜਿੱਥੇ ਪੱਗ ਜਾਂ ਪਰਨਾ ਬੰਨ੍ਹਣਾ ਆਪਣੇ ਆਪ ਹੀ ਸਿੱਖ ਲਿਆ ਜਾਂਦਾ ਸੀ। ਇਸ ਲਈ ਇਸ ਦੀ ਕੰਟੀਨਿਊਟੀ ਬਣਾਈ ਰੱਖਣੀ ਇੱਕ ਚੁਣੌਤੀ ਬਣ ਗਈ। ਮੋਟਰਸਾਈਕਲ ਅਤੇ ਦਸਤਾਰ — ਇਹ ਦੋਵੇਂ ਚੀਜ਼ਾਂ ਕਲੱਬ ਦੀਆਂ ਮੂਲ ਜੜ੍ਹਾਂ ਰਹੀਆਂ ਹਨ।
ਪਹਿਲਾਂ ਇਹ ਦਸਤਾਰ ਮੁਕਾਬਲਾ ਅਸੀਂ ਨਹੀਂ ਸੀ ਕਰਾਉਂਦੇ — ਪਹਿਲਾਂ ਹੋਰ ਸੰਸਥਾਵਾਂ ਇਹ ਕਰਾਉਂਦੀਆਂ ਸਨ, ਜੋ ਕਿਸੇ ਕਾਰਨ ਪਿੱਛੇ ਹਟ ਗਈਆਂ, ਅਤੇ ਇਹ ਜ਼ਿੰਮੇਵਾਰੀ ਸਾਡੇ ਹਿੱਸੇ ਆ ਗਈ — ਇੱਕ ਤਰ੍ਹਾਂ ਦੀ ਰਿਲੇਅ ਵਾਂਗ, ਜੋ ਉਹਨਾਂ ਨੇ ਛੱਡੀ ਅਤੇ ਅਸੀਂ ਅੱਗੇ ਤੋਰੀ। ਫਿਰ ਕੋਵਿਡ ਆ ਗਿਆ, ਬਹੁਤ ਕੁਝ ਬਦਲ ਗਿਆ, ਅਤੇ ਲਗਭਗ ਚਾਰ-ਪੰਜ ਸਾਲ ਦਾ ਗੈਪ ਪੈ ਗਿਆ। ਖ਼ਾਲਸਾ ਕ੍ਰੈਡਿਟ ਯੂਨੀਅਨ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਹ ਇਨੀਸ਼ੀਏਟਿਵ ਲੈ ਕੇ ਸਾਡੇ ਨਾਲ ਸੰਪਰਕ ਕੀਤਾ — ਅਸੀਂ ਵੀ ਇਹ ਕੰਮ ਦੁਬਾਰਾ ਸ਼ੁਰੂ ਕਰਨ ਲਈ ਤਤਪਰ ਸੀ, ਫੰਡ ਆ ਗਏ, ਅਤੇ ਕੰਮ ਸ਼ੁਰੂ ਹੋ ਗਿਆ। ਅੱਜ ਤੁਹਾਡੇ ਸਾਹਮਣੇ ਜੋ ਰੌਣਕਾਂ ਲੱਗੀਆਂ ਹੋਈਆਂ ਹਨ, ਉਹ ਇਸੇ ਦਾ ਨਤੀਜਾ ਹੈ।
ਸਵਾਲ: ਰਿਸਪੌਂਸ ਕਿਹੋ-ਜਿਹਾ ਰਿਹਾ? ਕਈ ਵਾਰ ਪਿਛਲੀ ਟੀਮ ਹੌਲੀ ਛੱਡ ਕੇ ਜਾਂਦੀ ਹੈ ਤਾਂ ਅਗਲੀ ਟੀਮ ਨੂੰ ਦੁੱਗਣੀ ਰਫ਼ਤਾਰ ਨਾਲ ਦੌੜਨਾ ਪੈਂਦਾ ਹੈ, ਅਤੇ ਕਈ ਵਾਰ ਪਿਛਲੀ ਟੀਮ ਪਹਿਲਾਂ ਹੀ ਚੰਗੀ ਰਫ਼ਤਾਰ ਫੜਾ ਕੇ ਜਾਂਦੀ ਹੈ ਜਿਸ ਨਾਲ ਅੱਗੇ ਦਾ ਸਫ਼ਰ ਸੌਖਾ ਹੋ ਜਾਂਦਾ ਹੈ — ਤੁਹਾਡੇ ਲਈ ਕਿਵੇਂ ਦਾ ਰਿਹਾ?
ਆਜ਼ਾਦ ਸਿੱਧੂ: ਰੇਲੇ-ਰੇਸ ਦੀ ਇੱਕ ਖਾਸੀਅਤ ਹੁੰਦੀ ਹੈ — ਪਹਿਲੀ ਜਨਰੇਸ਼ਨ ਭਾਵੇਂ ਕਿੰਨੀ ਵੀ ਤਗੜੀ ਹੋਵੇ, ਪਰ ਦੂਜੇ ਗੇੜ ਵਿੱਚ ਦੌੜਨ ਵਾਲੇ ਤੋਂ ਤੇਜ਼ ਨਹੀਂ ਭੱਜ ਸਕਦੀ। ਜਦੋਂ ਸਾਡੇ ਹੱਥ ਇਹ ਮਿਸ਼ਾਲ ਆਈ, ਅਸੀਂ ਭਾਵੇਂ ਕੁਝ ਗੱਲਾਂ ਵਿੱਚ ਕਮਜ਼ੋਰ ਵੀ ਹੋਈਏ, ਪਰ ਸਾਡੇ ਵਿੱਚ ਜਿਹੜਾ ਉਤਸ਼ਾਹ ਸੀ ਅਤੇ ਕਮਿਊਨਿਟੀ ਦਾ ਜੋ ਪਲੈਟਫਾਰਮ ਸਾਡੇ ਕੋਲ ਸੀ, ਉਸ ਨਾਲ ਅਸੀਂ ਚੰਗੀ ਰਫ਼ਤਾਰ ਫੜੀ। ਰਿਸਪੌਂਸ ਬਹੁਤ ਵਧੀਆ ਰਿਹਾ — ਕੁਝ ਸਮਾਂ ਪਹਿਲਾਂ ਸਾਨੂੰ ਰਜਿਸਟ੍ਰੇਸ਼ਨ ਬੰਦ ਕਰਨੀ ਪਈ, ਇਸ ਵਾਰ ਵੀ ਇੰਝ ਹੀ ਹੋਇਆ — 250 ਤੋਂ ਉੱਪਰ ਰਜਿਸਟ੍ਰੇਸ਼ਨ ਆਉਣ ‘ਤੇ ਬੰਦ ਕਰਨੀਆਂ ਪਈਆਂ, ਕਿਉਂਕਿ ਅਸੀਂ ਉਸ ਤੋਂ ਵੱਧ ਭਾਗੀਦਾਰਾਂ ਨੂੰ ਅਕੋਮੋਡੇਟ ਨਹੀਂ ਕਰ ਸਕਦੇ ਸੀ।
ਗੈਪ ਤੋਂ ਬਾਅਦ ਕੁਝ ਨਵਾਂ ਸ਼ੁਰੂ ਕਰਦੇ ਸਮੇਂ ਕਈ ਭੁੱਲੀਆਂ-ਵਿਸਰੀਆਂ ਗੱਲਾਂ ‘ਤੇ ਮੁੜ ਨਜ਼ਰਸਾਨੀ ਕਰਨੀ ਪੈਂਦੀ ਹੈ। ਪ੍ਰਚਾਰ ਦਾ ਸਾਧਨ ਵੀ ਹਰ ਸਾਲ ਬਦਲ ਜਾਂਦਾ ਹੈ — ਕਦੇ ਫੇਸਬੁੱਕ, ਫਿਰ ਇੰਸਟਾਗ੍ਰਾਮ, ਫਿਰ ਸਨੈਪਚੈਟ। ਟੈਲੀਵਿਜ਼ਨ ਤੇ ਰੇਡੀਓ ਨੂੰ ਵੀ ਬਦਲਦੇ ਜ਼ਮਾਨੇ ਦੇ ਨਾਲ ਚਲਾਉਣਾ ਪੈਂਦਾ ਹੈ — ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਸਾਡਾ ਟੀਚਾ ਇਹ ਨਹੀਂ ਕਿ ਅਸੀਂ ਸਾਰੀ ਦੁਨੀਆ ਬਦਲ ਸਕਦੇ ਹਾਂ, ਪਰ ਜੇ ਇੱਥੋਂ ਇੱਕ ਬੱਚਾ ਵੀ ਇਹ ਧਾਰਨਾ ਲੈ ਕੇ ਜਾਵੇ ਕਿ “ਮੈਂ ਹੁਣ ਤੋਂ ਆਪਣੀ ਦਸਤਾਰ ਆਪ ਸਜਾਵਾਂਗਾ”, ਤਾਂ ਇਹ ਪ੍ਰੋਗਰਾਮ ਸਫਲ ਹੈ।
ਮੁਕਾਬਲੇ ਦੇ ਦਰਜੇ ਅਤੇ ਮਾਪਦੰਡ: ਕੁੱਛੜ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ
ਸਵਾਲ: ਮੁਕਾਬਲੇ ਦੀਆਂ ਕੀ ਸ਼ਰਤਾਂ ਤੇ ਮਾਪਦੰਡ ਹੁੰਦੇ ਹਨ? ਕਿਹੜੀਆਂ-ਕਿਹੜੀਆਂ ਕੈਟੇਗਰੀਆਂ ਹਨ? ਕੁਝ ਮੁਕਾਬਲਿਆਂ ਵਿੱਚ ਬਿਨਾਂ ਸ਼ੀਸ਼ੇ ਦੇ, ਅੱਖਾਂ ‘ਤੇ ਪੱਟੀ ਬੰਨ੍ਹ ਕੇ ਦਸਤਾਰਬੰਦੀ ਕਰਨੀ ਹੁੰਦੀ ਹੈ, ਅਤੇ ਕੁਝ ਵਿੱਚ ਸ਼ੀਸ਼ੇ ਦੇ ਸਾਹਮਣੇ — ਇਸ ਬਾਰੇ ਥੋੜ੍ਹਾ ਵਿਸਥਾਰ ਦੱਸੋ।
ਆਜ਼ਾਦ ਸਿੱਧੂ: ਕੈਟੇਗਰੀਆਂ ਇਸ ਤਰ੍ਹਾਂ ਚੱਲਦੀਆਂ ਹਨ — ਸਭ ਤੋਂ ਪਹਿਲਾਂ ਛੋਟੇ, ਕੁੱਛੜ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਜਨਮ ਤੋਂ ਲੈ ਕੇ ਚਾਰ-ਪੰਜ ਸਾਲ ਤੱਕ ਦੇ ਬੱਚਿਆਂ ਨੂੰ ਮਾਵਾਂ ਘਰੋਂ ਹੀ ਦੁਮਾਲਾ ਜਾਂ ਦਸਤਾਰ ਸਜਾ ਕੇ ਲੈ ਆਉਂਦੀਆਂ ਹਨ। ਇਸ ਵਰਗ ਵਿੱਚ ਪਹਿਲਾ-ਦੂਜਾ-ਤੀਜਾ ਸਥਾਨ ਨਹੀਂ ਦਿੱਤਾ ਜਾਂਦਾ — ਸਗੋਂ ਸਾਰਿਆਂ ਨੂੰ ਐਪ੍ਰੀਸ਼ੀਏਸ਼ਨ ਅਵਾਰਡ ਦਿੱਤੇ ਜਾਂਦੇ ਹਨ, ਤਾਂ ਜੋ ਬਚਪਨ ਵਿੱਚ ਹੀ ਇੱਕ ਚਿਣਗ ਲੱਗ ਜਾਵੇ, ਜੋ ਗੁੜ੍ਹਤੀ ਵਾਂਗ 18 ਜਾਂ 30 ਸਾਲ ਦੀ ਉਮਰ ਵਿੱਚ ਕਦੇ ਨਾ ਕਦੇ ਪ੍ਰਫੁੱਲਿਤ ਹੋ ਜਾਂਦੀ ਹੈ।
ਇਸ ਤੋਂ ਬਾਅਦ ਦੀ ਕੈਟੇਗਰੀ 12 ਸਾਲ ਤੱਕ ਦੀ ਹੈ, ਫਿਰ 12 ਤੋਂ 18 ਸਾਲ, ਫਿਰ ਲਗਭਗ 31 ਤੋਂ 45 ਸਾਲ, ਅਤੇ 45 ਸਾਲ ਤੋਂ ਉੱਪਰ ਦੀ ਓਪਨ ਕੈਟੇਗਰੀ ਵੀ ਹੈ। ਜੇ ਕੋਈ 70-80 ਸਾਲ ਦਾ ਬਜ਼ੁਰਗ ਵੀ ਹਿੱਸਾ ਲੈਣਾ ਚਾਹੇ ਤਾਂ ਸਵਾਗਤ ਹੈ, ਕਿਉਂਕਿ ਇਹ ਉਤਸ਼ਾਹ ਦੀ ਗੱਲ ਹੈ ਅਤੇ ਇਸ ਨਾਲ ਸਿਹਤ ਨੂੰ ਵੀ ਫ਼ਾਇਦਾ ਹੁੰਦਾ ਹੈ। ਦਸਤਾਰ ਅਤੇ ਦੁਮਾਲਾ — ਇਹ ਦੋ ਕੈਟੇਗਰੀਆਂ ਵੱਖ-ਵੱਖ ਚੱਲਦੀਆਂ ਹਨ, ਅਤੇ ਇਹਨਾਂ ਵਿੱਚ ਮਰਦ, ਔਰਤਾਂ, ਬੱਚੇ ਤੇ ਬੱਚੀਆਂ ਸਭ ਦਾ ਉਤਸ਼ਾਹ ਵਧਾਉਣ ਲਈ ਵੱਖਰੇ ਵਰਗ ਰੱਖੇ ਜਾਂਦੇ ਹਨ।
ਜੱਜਿੰਗ ਦੀ ਗੱਲ ਕਰੀਏ ਤਾਂ ਸਾਡੇ ਜੱਜਾਂ ਨੂੰ ਦਸਤਾਰਬੰਦੀ ਦਾ ਪੂਰਾ ਤਜਰਬਾ ਅਤੇ ਬਾਰੀਕੀਆਂ ਦੀ ਜਾਣਕਾਰੀ ਹੁੰਦੀ ਹੈ — ਪਿੰਨ ਕਿਵੇਂ ਲਾਈ ਗਈ, ਲੜ ਕਿਵੇਂ ਲਾਇਆ ਗਿਆ, ਪੇਚਾਂ ਵਾਲੀ ਪੱਗ ਹੈ ਜਾਂ ਵਲਾਂ ਵਾਲੀ, ਪਟਿਆਲਾ-ਸ਼ਾਹੀ ਬੰਨ੍ਹੀ ਗਈ ਹੈ ਜਾਂ ਕੋਈ ਹੋਰ ਸ਼ੈਲੀ। ਆਮ ਬੰਦੇ ਨੂੰ ਸ਼ਾਇਦ ਇਹ ਸਿਰਫ਼ ਇੱਕ ਪੱਗ ਹੀ ਲੱਗੇ, ਪਰ ਮਾਹਿਰ ਲਈ ਇਹ ਬਾਰੀਕੀਆਂ ਸਾਫ਼ ਨਜ਼ਰ ਆਉਂਦੀਆਂ ਹਨ। ਸਾਡੇ ਕੁਝ ਜੱਜ ਅਤੇ ਦਸਤਾਰ-ਮਾਹਿਰ ਤਾਂ ਅੱਖਾਂ ਬੰਦ ਕਰਕੇ ਵੀ ਦਸਤਾਰ ਸਜਾ ਸਕਦੇ ਹਨ — ਜਿਵੇਂ ਗੁਰਜੀਤ ਸਿੰਘ ਸ਼ਾਹਪੁਰੀਆ, ਜੋ ਦਿਲਜੀਤ ਦੋਸਾਂਝ ਦੇ ਸ਼ੋਅ ਲਈ ਵੀ ਦਸਤਾਰ ਸਜਾ ਚੁੱਕੇ ਹਨ, ਜਾਂ ਗੁਰਿੰਦਰ ਸਿੰਘ ਅਤੇ ਉਹਨਾਂ ਦਾ ਬੇਟਾ ਹਰਮਨਜੋਤ। ਦੂਜੇ ਪਾਸੇ ਕਈ ਅਜਿਹੇ ਵੀ ਹਨ ਜੋ 10-15 ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਹਨ ਪਰ ਅਜੇ ਉਸ ਪੜਾਅ ‘ਤੇ ਨਹੀਂ ਪਹੁੰਚੇ — ਇਹ ਮੁਕਾਬਲਾ ਉਹਨਾਂ ਲਈ ਵੀ ਇੱਕ ਹਲੂਣਾ ਬਣ ਸਕਦਾ ਹੈ।
ਬਦਲਦੀ ਪੀੜ੍ਹੀ, ਬਦਲਦੀ ਸ਼ੈਲੀ: ਦਸਤਾਰ ਅੱਜ ਇੱਕ ਵੱਡੀ ਇੰਡਸਟਰੀ
ਪਹਿਲਾਂ ਸਾਡੇ ਬਜ਼ੁਰਗਾਂ ਲਈ ਦਸਤਾਰ ਦਾ ਮਤਲਬ ਸਿਰਫ਼ ਇਹ ਹੁੰਦਾ ਸੀ ਕਿ ਸਿਰ ਢੱਕਿਆ ਹੋਵੇ, ਗੁਰੂ ਦਾ ਦਿੱਤਾ ਕੇਸ ਢਕਿਆ ਰਹੇ — ਵਿਆਹ-ਸ਼ਾਦੀ ‘ਤੇ ਥੋੜ੍ਹਾ-ਬਹੁਤ ਰੰਗ ਚੁਣ ਕੇ ਟਿਕਾ-ਟਿਕਾ ਕੇ ਪੱਗ ਬੰਨ੍ਹ ਲਈ ਜਾਂਦੀ ਸੀ। ਪਰ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਪੱਗ ਦੀਆਂ ਕਈ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ — ਪੇਚ-ਦਰ-ਪੇਚ ਟਿਕਾ ਕੇ ਬੰਨ੍ਹੀਆਂ ਪੱਗਾਂ, ਜਿਸ ਦੀ ਮਿਸਾਲ ਦਿੰਦਿਆਂ ਦੱਸਿਆ ਗਿਆ ਕਿ ਇੱਕ ਜਾਣਿਆ-ਪਛਾਣਿਆ ਕਲਾਕਾਰ ਪ੍ਰੋਗਰਾਮ ‘ਤੇ ਜਾਣ ਵੇਲੇ ਦਸਤਾਰ ਸਜਾਉਂਦਾ ਸੀ, ਅਤੇ ਜੇ ਕੋਈ ਥੋੜ੍ਹਾ ਜਿਹਾ ਵੀ ਕਹਿ ਦਿੰਦਾ ਕਿ ਪੱਗ ਠੀਕ ਨਹੀਂ ਬੱਝੀ, ਤਾਂ ਉਹ ਭਾਵੇਂ ਲੇਟ ਹੋ ਜਾਵੇ, ਵਾਪਸ ਜਾ ਕੇ ਦੁਬਾਰਾ ਬੰਨ੍ਹਦਾ ਸੀ — ਦਸਤਾਰ ਬੰਨ੍ਹਣ ਦਾ ਸ਼ੌਕ ਸ਼ਿੱਦਤ ਤੱਕ ਪਹੁੰਚ ਚੁੱਕਿਆ ਹੈ।
ਹਰ ਖੇਤਰ ਦੀ ਤਰ੍ਹਾਂ ਦਸਤਾਰਬੰਦੀ ਵਿੱਚ ਵੀ ਤਕਨੀਕੀ ਤਰੱਕੀ ਹੋਈ ਹੈ — ਹੁਣ ਕੱਪੜੇ ‘ਤੇ ਬਹੁਤ ਕੁਝ ਨਿਰਭਰ ਕਰਦਾ ਹੈ। ਪਹਿਲਾਂ ਰੂਬੀਆ ਦੀ ਪੱਗ ਬੰਨ੍ਹੀ ਜਾਂਦੀ ਸੀ, ਹੁਣ ਵੌਇਲ, ਪਿਓਰ ਵੌਇਲ ਵਰਗੇ ਕਈ ਕਿਸਮਾਂ ਦੇ ਕੱਪੜੇ ਵਰਤੇ ਜਾਂਦੇ ਹਨ। ਜੇ ਦਸ ਪੱਗਾਂ ਖ਼ਰੀਦੀਆਂ ਜਾਣ, ਤਾਂ ਸ਼ਾਇਦ ਤਿੰਨ-ਚਾਰ ਹੀ ਪਸੰਦ ਦੀਆਂ ਨਿਕਲਣ, ਬਾਕੀ ਪਰਨੇ ਬਣ ਜਾਂਦੀਆਂ ਹਨ ਜਾਂ ਇੱਧਰ-ਉੱਧਰ ਪਈਆਂ ਰਹਿੰਦੀਆਂ ਹਨ — ਪਹਿਲਾਂ ਲਲਾਰੀ ਕੋਲ ਦੋ-ਚਾਰ ਹੀ ਰੰਗ ਹੁੰਦੇ ਸਨ, ਅੱਜ ਇਹ ਇੱਕ ਵੱਡੀ ਇੰਡਸਟਰੀ ਬਣ ਚੁੱਕੀ ਹੈ, ਜਿੱਥੇ ਵਿਆਹ-ਸ਼ਾਦੀਆਂ ਵਿੱਚ ਵੀ ਹੁਣ ਕੱਪੜਿਆਂ ਤੋਂ ਲੈ ਕੇ ਦਸਤਾਰਾਂ ਤੱਕ ਪੂਰੀ “ਥੀਮ” ਚੱਲਦੀ ਹੈ।
ਜਨਰੇਸ਼ਨ ਬਦਲਣ ਦੇ ਨਾਲ-ਨਾਲ ਪਸੰਦ ਵੀ ਬਦਲਦੀ ਗਈ ਹੈ — ਪਹਿਲਾਂ ਜ਼ੋਰ ਪੇਚਾਂ ਵਾਲੀ ਪੱਗ ਸਵਾਰਨ ‘ਤੇ ਹੁੰਦਾ ਸੀ, ਹੁਣ ਵਲਾਂ ਵਾਲੀ ਪੱਗ ਦਾ ਰਿਵਾਜ ਵਧਿਆ ਹੈ। ਇੰਟਰਨੈਸ਼ਨਲ ਸਟੂਡੈਂਟਸ ਅਤੇ ਇੰਡੀਆ ਤੋਂ ਆਈ ਨਵੀਂ ਪੀੜ੍ਹੀ ਆਪਣੇ ਨਾਲ ਵੱਖਰੇ ਟਰੈਂਡ ਵੀ ਲੈ ਕੇ ਆਈ ਹੈ, ਜਿਵੇਂ “ਪਰਨਾ ਸਟਾਈਲ”, ਜੋ ਲਗਭਗ ਯੂਨੀਵਰਸਲ ਬਣ ਗਿਆ ਹੈ ਅਤੇ ਇਸਤਰੀ-ਪੁਰਸ਼ ਦੋਵਾਂ ਵਿੱਚ ਬਰਾਬਰ ਪ੍ਰਚਲਿਤ ਹੈ। ਇਹ ਸਾਰੀ ਵਿਭਿੰਨਤਾ ਅਸਲ ਵਿੱਚ ਦਸਤਾਰ ਪ੍ਰਤੀ ਵਧਦੀ ਦਿਲਚਸਪੀ ਅਤੇ ਪ੍ਰਫੁੱਲਤਾ ਦੀ ਨਿਸ਼ਾਨੀ ਹੈ — ਅੱਜ ਪਹਿਲਾਂ ਨਾਲੋਂ ਜ਼ਿਆਦਾ ਲੋਕ ਦਸਤਾਰ ਸਜਾਉਂਦੇ ਹਨ।
ਇਸ ਦੇ ਨਾਲ ਹੀ ਇੱਕ ਦੁਖਦਾਈ ਪਹਿਲੂ ਵੀ ਸਾਹਮਣੇ ਆਇਆ ਹੈ — ਦਸਤਾਰ ਹੁਣ ਇੱਕ ਵਪਾਰ ਬਣ ਗਈ ਹੈ, ਜਿੱਥੇ ਪੈਸੇ ਦੇ ਕੇ ਕਿਸੇ ਹੋਰ ਕੋਲੋਂ ਪੱਗ ਬਣਵਾ ਲਈ ਜਾਂਦੀ ਹੈ। ਇਹ ਗ਼ਲਤ ਨਹੀਂ, ਪਰ ਖ਼ੁਦ ਸਿੱਖਣ ਦੀ ਤਾਂਘ ਬਣੀ ਰਹਿਣੀ ਵੀ ਜ਼ਰੂਰੀ ਹੈ, ਜਿਸ ਲਈ ਦਸਤਾਰ ਵਰਕਸ਼ਾਪਾਂ ਅਤੇ ਇਸ ਤਰ੍ਹਾਂ ਦੇ ਮੁਕਾਬਲਿਆਂ ਦੀ ਲੋੜ ਬਣੀ ਰਹਿੰਦੀ ਹੈ। ਪ੍ਰੈਕਟਿਸ ਨਾਲ ਹੌਲੀ-ਹੌਲੀ ਦਸਤਾਰ ਸਜਾਉਣ ਦੀ ਜਾਚ ਆ ਜਾਂਦੀ ਹੈ। ਇੱਥੋਂ ਤੱਕ ਕਿ ਕਲੱਬ ਦਾ ਇੱਕ ਚਾਈਨੀਜ਼ ਮੂਲ ਦਾ ਫ੍ਰੀਲਾਂਸ ਫੋਟੋਗ੍ਰਾਫ਼ਰ, ਜਿਸ ਦੀ ਦਾੜ੍ਹੀ ਵੀ ਹੈ, ਹੁਣ ਬਹੁਤ ਵਧੀਆ ਦਸਤਾਰ ਬੰਨ੍ਹਣੀ ਸਿੱਖ ਗਿਆ ਹੈ — ਇਹ ਦਿਖਾਉਂਦਾ ਹੈ ਕਿ ਦਸਤਾਰ ਦਾ ਕੋਈ ਨਸਲੀ ਬੰਧਨ ਨਹੀਂ। ਇਸੇ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ, ਕਿਉਂਕਿ ਸਕੂਲ ਵਿੱਚ ਬਹੁਗਿਣਤੀ ਬੱਚੇ ਵਾਲਾਂ ਦੇ ਹੇਅਰ-ਸਟਾਈਲ ਵੱਲ ਖਿੱਚੇ ਜਾਂਦੇ ਹਨ, ਅਤੇ ਬੱਚੇ ਛੇਤੀ “ਡੀਰੇਲ” ਹੋ ਸਕਦੇ ਹਨ। ਇਹ ਮੁਕਾਬਲਾ ਇਸ ਲਈ ਵੀ ਸਫਲ ਮੰਨਿਆ ਜਾਂਦਾ ਹੈ ਕਿਉਂਕਿ ਜਿਹੜੇ ਬੱਚਿਆਂ ਨੂੰ ਟਾਰਗੇਟ ਕੀਤਾ ਗਿਆ ਸੀ, ਉਹ ਸਾਰੇ ਬੱਚੇ ਅਤੇ ਉਹਨਾਂ ਦੇ ਮਾਪੇ ਅੱਜ ਇੱਥੇ ਹਾਜ਼ਰ ਹਨ।
ਗੱਲਬਾਤ ਦੇ ਅੰਤ ਵਿੱਚ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਗਈ ਕਿ ਇਹ ਸਿਲਸਿਲਾ ਇਸੇ ਤਰ੍ਹਾਂ ਅੱਗੇ ਵਧਦਾ ਰਹੇਗਾ ਅਤੇ ਭਵਿੱਖ ਵਿੱਚ ਹੋਰ ਵੱਡੇ ਪੱਧਰ ‘ਤੇ ਪਹੁੰਚੇਗਾ। ਆਜ਼ਾਦ ਸਿੱਧੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਟੀਵੀ ਕਵਰੇਜ ਦੀ ਅਹਿਮੀਅਤ ਇਸ ਗੱਲ ਵਿੱਚ ਹੈ ਕਿ ਭਾਵੇਂ ਸਮਾਗਮ ਵਿੱਚ ਕੁਝ ਸੈਂਕੜੇ ਲੋਕ ਹੀ ਹਾਜ਼ਰ ਹੋਣ, ਪਰ ਇਸ ਦਾ ਸੁਨੇਹਾ ਬਿਨਾਂ ਕਿਸੇ ਵਾਧੂ ਖ਼ਰਚ ਜਾਂ ਯਤਨ ਦੇ ਹਜ਼ਾਰਾਂ-ਲੱਖਾਂ ਲੋਕਾਂ ਤੱਕ ਪਹੁੰਚ ਸਕਦਾ ਹੈ।
— ਟੀਵੀ ਪੰਜਾਬ
