Site icon TV Punjab | Punjabi News Channel

ਤਜਿੰਦਰਪਾਲ ਤੂਰ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ, ਤੋੜੇ ਪਿੱਛਲੇ ਸਾਰੇ ਰਿਕਾਰਡ

Athletics - 2018 Asian Games - Men’s Shot Put Final - GBK Main Stadium - Jakarta, Indonesia - August 25, 2018 - Tajinderpal Singh Toor of India competes. REUTERS/Issei Kato

ਪੰਜਾਬ ਦੇ ਜਾਏ ਤਜਿੰਦਰਪਾਲ ਤੂਰ ਨੇ ਅੱਜ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰੈੰਡ ਪ੍ਰਿਕਸ ਵਿਚ ਆਪਣਾ ਹੀ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ।

ਤੂਰ ਦੀ ਇਸ ਬੇਮਿਸਾਲ ਪ੍ਰਾਪਤੀ ‘ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਹੋਰਨਾਂ ਅਥਲੀਟਾਂ ਵਿਚ ਵਿਸ਼ਵਾਸ ਭਰਦਿਆਂ ਵਿਸ਼ਵ ਦੇ ਨਾਮੀ ਮੁਕਾਬਲੇਬਾਜ਼ਾਂ ‘ਤੇ ਜਿੱਤ ਦਿਵਾਉਣ ਵਿੱਚ ਮਦਦ ਕਰੇਗੀ।

ਦੱਸ ਦੇਈਏ ਕਿ ਤਜਿੰਦਰਪਾਲ ਸਿੰਘ ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਪਿਤਾ ਦੇ ਕਹਿਣ ‘ਤੇ ਸ਼ਾਟ ਪੁੱਟ ਨੂੰ ਅਪਣਾਇਆ। ਇਸ ਤੋਂ ਪਹਿਲਾਂ ਤੂਰ ਕ੍ਰਿਕਟ ਨੂੰ ਸਮਰਪਿਤ ਸੀ। ਉਸ ਦੇ ਚਾਚਾ ਜੀ ਨੇ ਉਸ ਨੂੰ ਸ਼ੁਰੂਆਤ ਵਿੱਚ ਸਿਖਲਾਈ ਦਿੱਤੀ। ਉਸ ਦਾ ਪਹਿਲਾ ਕੌਮਾਂਤਰੀ ਤਮਗ਼ਾ 2017 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਆਇਆ, ਜਿਥੇ ਉਸ ਨੇ 19.77 ਮੀਟਰ ਦੇ ਥ੍ਰੋਅ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਤੂਰ ਨੇ 2018 ਏਸ਼ੀਅਨ ਖੇਡਾਂ ਵਿੱਚ 20.75 ਮੀਟਰ ਦੇ ਰਿਕਾਰਡ ਥਰੋਅ ਨਾਲ ਸੋਨ ਤਮਗ਼ਾ ਜਿੱਤਦਿਆਂ ਕੌਮੀ ਰਿਕਾਰਡ ਵੀ ਤੋੜ ਦਿੱਤਾ ਸੀ।

ਤੂਰ ਨੇ 2019 ਵਿੱਚ ਸ਼ਾਟ ਪੁਟ ਥ੍ਰੋ ਵਿੱਚ 20.92 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ ਸੀ। ਪੰਜਾਬ ਦੇ ਇਸ ਐਥਲੀਟ ਨੇ 12 ਸਾਲ ਪੁਰਾਣੇ ਏਸ਼ੀਆਈ ਰਿਕਾਰਡ ਨੂੰ ਵੀ ਤੋੜ ਦਿੱਤਾ ਜੋ ਕਿ ਸਾਲ 2009 ਤੋਂ ਸਾਊਦੀ ਅਰਬ ਦੇ ਸੁਲਤਾਨ ਅਬਦੁਲ ਮਜੀਦ ਅਲ -ਹੇਬਸ਼ੀ ਦੇ ਨਾਮ ਤੇ ਸੀ।  2019 ਵਿੱਚ ਤੂਰ ਨੂੰ ਅਰਜੁਨਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਹੁਣ ਸਾਰਾ ਦੇਸ਼ ਤੂਰ ਤੋਂ ਉਮੀਦ ਕਰ ਰਿਹਾ ਹੈ ਕਿ ਉਹ ਆਉਣ ਵਾਲੇ ਓਲੰਪਿਕਸ ਵਿੱਚ ਆਪਣੇ ਦੇਸ਼ ਲਈ ਤਗਮਾ ਜ਼ਰੂਰ ਲਿਆਉਣਗੇ।

Exit mobile version