Site icon TV Punjab | Punjabi News Channel

ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦੀ ਬਿਆਨਬਾਜ਼ੀ ਦਾ ਦਿੱਤਾ ਸਖ਼ਤ ਜਵਾਬ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਅਕਾਲੀ ਨੇਤਾ ਖਾਸ ਕਰਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ ‘ਤੇ ਬੋਲਣ ਦਾ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਹ ਇਸ ਸੰਕਟ ਨੂੰ ਸੌਖਿਆਂ ਹੀ ਟਾਲ ਸਕਦੇ ਸਨ, ਜਦੋਂ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਅਤੇ ਇਸ ਦੇ ਹਰੇਕ ਲੋਕ ਵਿਰੋਧੀ ਫੈਸਲੇ ਵਿਚ ਧਿਰ ਹੁੰਦੇ ਸਨ।

ਮੁੱਖ ਮੰਤਰੀ ਨੇ ਪੰਜਾਬ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨਾਲ ਸੂਬੇ ਦੇ ਅਰਥਚਾਰੇ ‘ਤੇ ਪੈਣ ਵਾਲੇ ਅਸਰ ਬਾਰੇ ਦਿੱਤੇ ਬਿਆਨ ਦੇ ਸੰਦਰਭ ਵਿਚ ਹਰਸਿਮਰਤ ਬਾਦਲ ਵੱਲੋਂ ਗੈਰ-ਜ਼ਿੰਮੇਵਰਾਨਾ ਦਾਅਵੇ ਕਰਨ ਅਤੇ ਉਨ੍ਹਾਂ ਖ਼ਿਲਾਫ਼ ਨਿਰਆਧਾਰ ਦੋਸ਼ ਲਾਉਣ ‘ਤੇ ਤਿੱਖਾ ਪਲਟਵਾਰ ਕਰਦਿਆਂ ਅਕਾਲੀ ਨੇਤਾ ਦੇ ਸਿਆਸੀ ਤੌਰ ‘ਤੇ ਪ੍ਰੇਰਿਤ ਵਿਚਾਰਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ।

ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਹ ਬਿਆਨਬਾਜ਼ੀ ਸੰਕਟ ਨੂੰ ਰੋਕਣ ਵਿਚ ਉਸ ਦੀ ਪਾਰਟੀ ਅਤੇ ਖੁਦ ਦੀ ਨਾਕਾਮੀ ‘ਤੇ ਪਰਦਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਜਦਕਿ ਇਹ ਕੰਡੇ ਉਨ੍ਹਾਂ ਨੇ ਆਪ ਹੀ ਬੀਜੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਸਾਨਾਂ ‘ਤੇ ਖੇਤੀ ਕਾਨੂੰਨ ਥੋਪਣ ਵਿਚ ਆਪਣੀ ਮਿਲੀਭੁਗਤ ਬਾਰੇ ਝੂਠ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜੋ ਕਾਨੂੰਨ ਸਿਰਫ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹਨ।

ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਨੂੰ ਇਹ ਸੁਝਾਅ ਦੇਣ ਕਿ ਉਨ੍ਹਾਂ ਨੂੰ ਪੰਜਾਬ ਵਿਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਉਨ੍ਹਾਂ ਦੀ ਲੜਾਈ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ਼ ਹੈ, ਮੁੱਖ ਮੰਤਰੀ ਨੇ ਤੰਨਜ਼ ਕਸਦਿਆਂ ਕਿਹਾ ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੂੰ ਦੁਸ਼ਮਣ ਖਿਲਾਫ ਲੜਣ ਲਈ ਪੱਛਮੀ ਫਰੰਟ ‘ਤੇ ਜਾਣ ਲਈ ਕਿਹਾ ਜਾਵੇ ਜਦਕਿ ਦੁਸ਼ਮਣ ਖੜ੍ਹਾ ਪੂਰਬੀ ਬਾਰਡਰ ‘ਤੇ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਅਕਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਿਸਾਨਾਂ ਦਾ ਧਿਆਨ ਕੇਂਦਰ ਤੋਂ ਸੂਬੇ ਵੱਲ ਮੋੜਨਾ ਚਾਹੁੰਦੇ ਹਨ।

ਟੀਵੀ ਪੰਜਾਬ ਬਿਊਰੋ

Exit mobile version