ਮੁੰਬਈ : ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਦੇਸ਼ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਕੁਮਾਰ ਨੇ ਸਵਦੇਸ਼ੀ ਜਾਗਰਣ ਮੰਚ ਦੇ ਇਕ ਸਮਾਗਮ ਵਿਚ ਕਿਹਾ ਕਿ ਹੁਣ ਕਾਰੋਬਾਰ ਕਰਨ ਵਿਚ ਅਸਾਨੀ ਲਿਆਉਣ ਵਿਚ ਸੁਧਾਰ ਕਰਨਾ ਅਤੇ ਜ਼ਮੀਨੀ ਪੱਧਰ ‘ਤੇ ਸਮੱਸਿਆਵਾਂ ਨੂੰ ਹੱਲ ਕਰਨਾ ਇਸ ਸਰਕਾਰ ਦੀਆਂ ਵਚਨਬੱਧਤਾਵਾਂ ਵਿਚੋਂ ਇਕ ਹੈ।
ਅੰਬਾਨੀ ਵੱਲੋਂ ਆਪਣਾ ਕਾਰੋਬਾਰ ਅਗਲੀ ਪੀੜ੍ਹੀ ਨੂੰ ਸੌਂਪਣ ਦੀ ਤਿਆਰੀ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੇ ਕਾਰੋਬਾਰ ਨੂੰ ਅਗਲੀ ਪੀੜ੍ਹੀ ਨੂੰ ਸੌਂਪਣ ਦੀ ਤਿਆਰੀ ਕਰ ਰਹੇ ਹਨ। ਮੁਕੇਸ਼ ਅੰਬਾਨੀ 208 ਬਿਲੀਅਨ ਡਾਲਰ ਦਾ ਕਾਰੋਬਾਰ ਆਪਣੀ ਨਵੀਂ ਪੀੜ੍ਹੀ ਨੂੰ ਸੌਂਪਣ ਲਈ ਦੁਨੀਆ ਦੇ ਕਈ ਅਰਬਪਤੀਆਂ ਦੇ ਉਤਰਾਧਿਕਾਰੀ ਮਾਡਲ ਨੂੰ ਸਮਝ ਰਹੇ ਹਨ।
ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਭਰਾ ਵਿਚਕਾਰ ਜਾਇਦਾਦ ਦੀ ਵੰਡ ਨੂੰ ਲੈ ਕੇ ਪਰਿਵਾਰਕ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਮੁਕੇਸ਼ ਅੰਬਾਨੀ ਨਹੀਂ ਚਾਹੁੰਦੇ ਕਿ ਜਾਇਦਾਦ ਦੀ ਵੰਡ ਦੇ ਸਮੇਂ ਉਨ੍ਹਾਂ ਦੇ ਬੱਚਿਆਂ ‘ਚ ਅਜਿਹੀ ਸਮੱਸਿਆ ਜਾਂ ਵਿਵਾਦ ਪੈਦਾ ਹੋਵੇ।
ਕ੍ਰਿਪਟੋਕਰੰਸੀ ‘ਤੇ ਬਿੱਲ ਪੇਸ਼ ਕਰਨ ਦੀ ਤਿਆਰੀ
ਨਵੀਂ ਦਿੱਲੀ : ਸਰਕਾਰ ਆਉਣ ਵਾਲੇ ਸਰਦ ਰੁੱਤ ਸੈਸ਼ਨ ‘ਚ ਡਿਜੀਟਲ ਕਰੰਸੀ ਕ੍ਰਿਪਟੋਕਰੰਸੀ ‘ਤੇ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਮੁਤਾਬਕ ਬਿੱਲ ਦੇ ਆਉਣ ਤੋਂ ਬਾਅਦ ਭਾਰਤ ‘ਚ ਸਾਰੀਆਂ ਪ੍ਰਾਈਵੇਟ ਕ੍ਰਿਪਟੋਕਰੰਸੀ ‘ਤੇ ਪਾਬੰਦੀ ਲੱਗ ਸਕਦੀ ਹੈ। ਇਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਆ ਰਿਹਾ ਹੈ ਕਿ ਭਾਰਤ ਵਿੱਚ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਦਾ ਕੀ ਹੋਵੇਗਾ?
ਟਮਾਟਰ ਦੀਆਂ ਕੀਮਤਾਂ 100 ਰੁਪਏ ਨੂੰ ਪਾਰ
ਦੇਸ਼ ਭਰ ਵਿਚ ਟਮਾਟਰ ਦੀਆਂ ਕੀਮਤਾਂ 100 ਰੁਪਏ ਨੂੰ ਪਾਰ ਕਰ ਗਈਆਂ ਹਨ। ਪੰਜਾਬ ਵਿੱਚ ਇਹ 90-100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਖੇਤੀ ਮਾਹਿਰਾਂ ਮੁਤਾਬਕ ਟਮਾਟਰ ਉਤਪਾਦਕ ਦੱਖਣੀ ਰਾਜਾਂ ਵਿੱਚ ਬਰਸਾਤ ਕਾਰਨ ਫਸਲ ਖਰਾਬ ਹੋ ਗਈ ਹੈ। ਇਸ ਕਾਰਨ ਭਾਅ ਤੇਜ਼ ਹਨ। ਆਂਧਰਾ ਪ੍ਰਦੇਸ਼ ਜੋ ਇਸ ਦਾ ਸਭ ਤੋਂ ਵੱਡਾ ਉਤਪਾਦਕ ਹੈ, ਵਿਚ ਇਹ 100 ਰੁਪਏ ਕਿਲੋ ਤੋਂ ਵੱਧ ਵਿਕ ਰਿਹਾ ਹੈ। ਦੇਸ਼ ਵਿੱਚ ਕਈ ਥਾਵਾਂ ’ਤੇ ਟਮਾਟਰ ਦੇ ਭਾਅ 140 ਰੁਪਏ ਤੱਕ ਪੁੱਜ ਚੁੱਕੇ ਹਨ।
ਟੀਵੀ ਪੰਜਾਬ ਬਿਊਰੋ