Site icon TV Punjab | Punjabi News Channel

ਪੰਜਾਬ ਸਰਕਾਰ ਵੀ ਜੱਲ੍ਹਿਆਂਵਾਲ਼ਾ ਬਾਗ ਸਮਾਰਕ ਦੇ ਮੂਲ ਸਰੂਪ ਦੀ ਬਹਾਲੀ ਲਈ ਗੰਭੀਰ ਨਹੀਂ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਜੱਲ੍ਹਿਆਂਵਾਲ਼ਾ ਬਾਗ ਸਮਾਰਕ ਦੇ ਸਰੂਪ ਨਾਲ਼ ਕੀਤੀ ਗਈ ਛੇੜਛਾੜ ਪ੍ਰਤੀ ਤਿੱਖਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਾਂਗ ਹੀ ਪੰਜਾਬ ਸਰਕਾਰ ਵੀ ਇਸ ਦੇ ਮੂਲ ਸਰੂਪ ਦੀ ਬਹਾਲੀ ਲਈ ਗੰਭੀਰ ਨਹੀਂ ਹੈ।

ਬੀਤੇ ਦਿਨੀਂ ਜਨਤਕ ਧਿਰਾਂ ਦੇ ਵਫ਼ਦ ਪ੍ਰਤੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਤੀਰੇ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਇਤਿਹਾਸਕ ਵਿਰਾਸਤ ਨੂੰ ਮਿਟਾ ਕੇ ਆਉਣ ਵਾਲੀਆਂ ਨਸਲਾਂ ਉੱਤੇ ਮਨਮਰਜ਼ੀ ਦਾ ਇਤਿਹਾਸ ਥੋਪਣ ਦੀ ਸਾਜ਼ਿਸ਼ ਵਿਚ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਭਾਈਵਾਲ ਹੈ।

ਮੁੱਖ ਮੰਤਰੀ ਦੇ ਵਤੀਰੇ ਦੀ ਸਖਤ ਨਰਾਜ਼ਗੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਇਹ ਵਤੀਰਾ ਗਦਰ ਲਹਿਰ ਅਤੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਪ੍ਰਤੀ ਦਾ ਨਿਰਾਦਰ ਅਤੇ ਅਪਮਾਨ ਕਰਨ ਵਾਲਾ ਹੈ, ਜਿਸ ਦੇ ਵਿਰੋਧ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਵਿਚ ਸਮੂਹ ਜਨਤਕ ਧਿਰਾਂ ਵੱਲੋਂ 22 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਜਨਤਕ ਧਿਰਾਂ ਨੂੰ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਸੀ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਸੱਤ ਮੈਂਬਰੀ ਵਫ਼ਦ ਦੇ ਪ੍ਰਤੀਨਿਧਾਂ ਵਜੋਂ ਸ੍ਰੀ ਚੰਨੀ ਨਾਲ਼ ਮੁਲਾਕਾਤ ਕੀਤੀ।

ਸ੍ਰੀ ਚੰਨੀ ਨੇ ਨਾ ਸਿਰਫ਼ ਇਸ ਮੁੱਦੇ ਬਾਰੇ ਵਿਸਥਾਰ ਵਿਚ ਗੱਲਾਂ ਕਰਨ ਤੋਂ ਇਨਕਾਰ ਕੀਤਾ, ਸਗੋਂ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਸਮਾਰਕ ਸੰਬੰਧੀ ਭੇਜੇ ਜਾਣ ਵਾਲ਼ੇ ਇਤਰਾਜ਼ਾਂ ਲਈ ਮਾਹਿਰ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾਉਣ ਦਾ ਪ੍ਰਸਤਾਵ ਵੀ ਨਕਾਰ ਦਿੱਤਾ।

ਉਹਨਾਂ ਦਾ ਇਹ ਹੁੰਗਾਰਾ ਕੇਂਦਰੀ ਸਰਕਾਰ ਦੀ ਹਾਮੀ ਭਰਨ ਦੇ ਹੀ ਬਰਾਬਰ ਸੀ। ਉਹਨਾਂ ਨੇ ਪੰਜਾਬ, ਭਾਰਤ ਅਤੇ ਸੰਸਾਰ ਦੀਆਂ ਸਮੂਹ ਲੋਕ-ਪੱਖੀ ਜਨਤਕ ਧਿਰਾਂ ਨੂੰ ਸਰਕਾਰਾਂ ਦੇ ਇਤਿਹਾਸ ਵਿਰੋਧੀ ਪੈਂਤੜਿਆਂ ਵਿਰੁੱਧ ਡਟਣ ਦਾ ਸੱਦਾ ਦੇ ਕੇ, 22 ਅਕਤੂਬਰ ਦੇ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਸ਼ਾਮੂਲੀਅਤ ਕਰਨ ਲਈ ਕਿਹਾ।

ਟੀਵੀ ਪੰਜਾਬ ਬਿਊਰੋ

Exit mobile version